ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਮੈਡੀਕਲ ਕੈਂਪ ਦਾ ਉਦਘਾਟਨ
ਚੇਅਰਮੈਨ ਰਮਨ ਬਹਿਲ ਨੇ ਹੈਲਪ ਇੰਡੀਆ ਦੇ ਇਸ ਨੇਕ ਕਾਰਜ ਦੀ ਸਰਾਹਨਾ ਕੀਤੀ
ਗੁਰਦਾਸਪੁਰ, 26 ਮਾਰਚ ( ਮੰਨਣ ਸੈਣੀ) – ਹੈਲਪ ਏਜ ਇੰਡੀਆ ਵੱਲੋਂ ਅੱਜ ਪਿੰਡ ਤਿੱਬੜ ਵਿਖੇ ਲੋੜਵੰਦਾਂ ਲਈ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਕੀਤਾ ਗਿਆ। ਇਸ ਮੌਕੇ ਹੈਲਪ ਏਜ ਇੰਡੀਆ ਦੀ ਮੈਨੇਜਰ ਸ੍ਰੀਮਤੀ ਅਰਪਣਾ ਸ਼ਰਮਾਂ, ਸਵਤੰਤਰ ਸ਼ਰਮਾਂ, ਐੱਫ.ਆਰ.ਓ. ਜਤਿੰਦਰ ਕੁਮਾਰ ਸਮੇਤ ਹੋਰ ਵੀ ਮੋਹਤਬਰ ਹਾਜ਼ਰ ਸਨ।
ਮੈਡੀਕਲ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ 250 ਤੋਂ ਵੱਧ ਮਰੀਜ਼ਾਂ ਦੀ ਮੁੱਢਲੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਲੋੜਵੰਦਾਂ ਨੂੰ ਵੀਲ੍ਹ ਚੇਅਰ, ਵਾਕਰ ਅਤੇ ਸਟਿੱਕਸ ਵੀ ਮੁਫ਼ਤ ਦਿੱਤੀਆਂ ਗਈਆਂ।
ਮੈਡੀਕਲ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਲੋੜਵੰਦਾਂ ਤੇ ਗਰੀਬ ਲੋਕਾਂ ਨੂੰ ਦਵਾਈ ਅਤੇ ਇਲਾਜ ਦੀ ਸਹੂਲਤ ਦੇਣਾ ਬਹੁਤ ਵੱਡਾ ਪਰ-ਉਪਕਾਰੀ ਕਾਰਜ ਹੈ। ਉਨ੍ਹਾਂ ਕਿਹਾ ਕਿ ਹੈਲਪ ਏਜ ਇੰਡੀਆ ਵੱਲੋਂ ਜੋ ਅੱਜ ਪਿੰਡ ਤਿੱਬੜ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਜਿਥੇ ਮਰੀਜ਼ਾਂ ਦੇ ਮੁਫ਼ਤ ਟੈਸਟ ਅਤੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ।
ਇਸ ਮੌਕੇ ਹੈਲਪ ਏਜ ਇੰਡੀਆ ਦੀ ਮੈਨੇਜਰ ਸ੍ਰੀਮਤੀ ਅਰਪਣਾ ਸ਼ਰਮਾਂ ਨੇ ਪਿੰਡ ਤਿੱਬੜ ਦੀ ਪੰਚਾਇਤ ਅਤੇ ਸਮੂਹ ਵਸਨੀਕਾਂ ਦਾ ਇਸ ਮੈਡੀਕਲ ਕੈਂਪ ਨੂੰ ਸਫਲ਼ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੈਲਪ ਏਜ ਇੰਡੀਆ ਇੱਕ ਸੇਵਾ ਸੰਸਥਾ ਹੈ ਅਤੇ ਮਾਨਵਤਾ ਦੀ ਸੇਵਾ ਹੀ ਸਾਡੀ ਸੰਸਥਾ ਦਾ ਮਕਸਦ ਹੈ। ਉਨ੍ਹਾਂ ਨੇ ਇਸ ਮੌਕੇ ਹੈਲਪ ਏਜ ਇੰਡੀਆ ਵੱਲੋਂ ਬਿਰਦ ਆਸ਼ਰਮ ਗੁਰਦਾਸਪੁਰ ਵਿੱਚ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਦੱਸਿਆ।