ਗੁਰਦਾਸਪੁਰ, 24 ਮਾਰਚ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਮਨਰੇਗਾ ਯੋਜਨਾ ਵਿੱਚ ਤਸੱਲੀਬਖਸ਼ ਕੰਮ ਨਾ ਕਰਨ ਵਾਲੇ ਦੋ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਨੌਂਕਰੀ ਤੋਂ ਬਰਖਾਸ਼ਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਅੱਜ ਜ਼ਿਲ੍ਹੇ ਵਿੱਚ ਚੱਲ ਰਹੀ ਮਨਰੇਗਾ ਯੋਜਨਾ ਦੇ ਕੰਮਾਂ ਦਾ ਰੀਵਿਊ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਪਾਇਆ ਕਿ ਪੰਚਾਇਤ ਵਿਭਾਗ ਵਿੱਚ ਮਨਰੇਗਾ ਯੋਜਨਾ ਦੇ ਦੋ ਗ੍ਰਾਮ ਰੋਜ਼ਗਾਰ ਸੇਵਕਾਂ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਸੱਲੀਬਖਸ਼ ਕੰਮ ਨਹੀਂ ਕੀਤਾ ਸੀ। ਗ੍ਰਾਮ ਰੋਜ਼ਗਾਰ ਸੇਵਕਾਂ ਵੱਲੋੋਂ ਦਿਖਾਈ ਅਣਗਿਹਲੀ ਦਾ ਸਖਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਨੌਂਕਰੀ ਤੋਂ ਬਰਖਾਸ਼ਤ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਰਕਾਰੀ ਸੇਵਾ ਵਿੱਚ ਕਿਸੇ ਤਰਾਂ ਦੀ ਲਾਪਰਵਾਹੀ ਜਾਂ ਬੇਨਿਯਮੀ ਬਿਲਕੁਲ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਨਿਯਮਾਂ ਅਨੁਸਾਰ ਨਿਭਾਉਣ।