ਡਿਪਟੀ ਕਮਿਸ਼ਨਰ ਵੱਲੋਂ ਯੂਵਕ ਸੇਵਾਵਾਂ, ਖੇਡ ਵਿਭਾਗ ਅਤੇ ਨਹਿਰੂ ਯੂਵਾ ਕੇਂਦਰ ਨੂੰ ਜ਼ਿਲ੍ਹੇ ਵਿੱਚ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਨ ਦੇ ਨਿਰਦੇਸ਼
ਵਧੀਆ ਕੰਮ ਕਰਨ ਵਾਲੇ ਯੂਥ ਕਲੱਬਾਂ ਨੂੰ ਕੀਤਾ ਜਾਵੇਗਾ ਵਿਸ਼ੇਸ਼ ਤੌਰ ’ਤੇ ਸਨਮਾਨਿਤ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 23 ਮਾਰਚ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਯੁਵਕ ਸੇਵਾਵਾਂ ਵਿਭਾਗ, ਖੇਡ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਯੂਥ ਕਲੱਬ ਨੂੰ ਮੁੜ ਸੁਰਜੀਤ ਕਰਕੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੇਡ ਟੂਰਨਾਮੈਂਟ ਅਤੇ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਾਣ ਤਾਂ ਜੋ ਨੌਜਵਾਨਾਂ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਹੋਣ ਦੇ ਨਾਲ ਨੌਜਵਾਨ ਸ਼ਕਤੀ ਨੂੰ ਉਸਾਰੂ ਪਾਸੇ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਨੌਜਵਾਨਾਂ ਨੂੰ ਲਾਮਬੱਧ ਕਰਕੇ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਆਰੰਭੀ ਜਾਵੇ।
ਡਿਪਟੀ ਕਮਿਸ਼ਨਰ ਬੀਤੀ ਸ਼ਾਮ ਆਪਣੇ ਦਫ਼ਤਰ ਵਿਖੇ ਨੇ ਯੁਵਕ ਸੇਵਾਵਾਂ ਵਿਭਾਗ, ਖੇਡ ਵਿਭਾਗ, ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਅਤੇ ਜ਼ਿਲ੍ਹੇ ਦੀਆਂ ਨੌਜਵਾਨ ਕਲੱਬਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਹੜੀ ਯੂਥ ਕਲੱਬ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਧੀਆ ਕੰਮ ਕਰੇਗੀ ਉਸ ਕਲੱਬ ਨੂੰ ਬੈਸ਼ਟ ਯੂਥ ਕਲੱਬ ਦੇ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਜੇਕਰ ਖੇਡਾਂ ਲਈ ਕਿਸੇ ਬੁਨਿਆਦੀ ਢਾਂਚੇ ਦੀ ਘਾਟ ਹੈ ਜਾਂ ਖੇਡ ਕਿੱਟ ਆਦਿ ਚਾਹੀਦੀ ਹੈ ਤਾਂ ਉਹ ਯੁਵਕ ਸੇਵਾਵਾਂ ਵਿਭਾਗ, ਖੇਡ ਵਿਭਾਗ ਜਾਂ ਨਹਿਰੂ ਯੁਵਾ ਕੇਂਦਰ ਜਰੀਏ ਉਨ੍ਹਾਂ ਦੇ ਦਫ਼ਤਰ ਨੂੰ ਆਪਣੀ ਮੰਗ ਭੇਜ ਸਕਦੇ ਹਨ ਜਿਸਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਕੁਝ ਕਲੱਬ ਮੈਂਬਰਾਂ ਨੇ ਜ਼ਿਲ੍ਹੇ ਵਿੱਚ ਨਿਸ਼ਾਨੇਬਾਜ਼ੀ ਦੀ ਖੇਡ ਲਈ ਸੂਟਿੰਗ ਰੇਂਜ ਸਥਾਪਤ ਕਰਨ ਦੀ ਮੰਗ ਵੀ ਕੀਤੀ ਜਿਸ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਪ੍ਰੋਜੈਕਟ ਰੀਪੋਰਟ ਤਿਆਰ ਕਰਕੇ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਯੁਵਕ ਸੇਵਾਵਾਂ ਵਿਭਾਗ, ਖੇਡ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ ਮਹੀਨੇ ਜ਼ਿਲ੍ਹੇ ਵਿੱਚ ਖੇਡ ਟੂਰਨਾਮੈਂਟ ਦਾ ਪ੍ਰੋਗਰਾਮ ਉਲੀਕ ਕੇ ਵੱਧ ਤੋਂ ਵੱਧ ਨੌਜਵਾਨਾਂ ਦੀ ਉਸ ਵਿੱਚ ਸ਼ਮੂਲੀਅਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਯੂਥ ਕਲੱਬਾਂ ਦੇ ਮੈਂਬਰ ਨੌਜਵਾਨ ਅੱਗੇ ਹੋ ਕੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਓ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਅਤੇ ਖੁਸ਼ਹਾਲ ਪੰਜਾਬ ਬਣਾਈਏ।