ਈ-ਰਿਕਸ਼ਾ ਚਾਲਕਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ਵਜੋਂ ਡੀਸੀ ਦਫ਼ਤਰ ਅੱਗੇ ਧਰਨਾ
ਗੁਰਦਾਸਪੁਰ, 15 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਅਤੇ ਈ-ਰਿਕਸ਼ਾ ਯੂਨੀਅਨ ਗੁਰਦਾਸਪੁਰ ਵੱਲੋਂ ਮਿੰਨੀ ਬੱਸ ਚਾਲਕਾਂ ਅਤੇ ਮੈਜਿਕ ਗੱਡੀ ਮਾਲਕਾਂ ਵੱਲੋਂ ਈ-ਰਿਕਸ਼ਾ ਚਾਲਕਾਂ ਨਾਲ ਧੱਕੇਸ਼ਾਹੀ ਕਰਨ ਦੇ ਵਿਰੋਧ ਵਿੱਚ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਰਿਕਸ਼ਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਊਟਨ ਭੱਟੀ, ਮੀਤ ਪ੍ਰਧਾਨ ਸਰਬਜੀਤ ਸਿੰਘ, ਜ਼ਿਲ੍ਹਾ ਆਗੂ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਡਰਾਈਵਰ ਸਵਾਰੀਆਂ ਲੈ ਕੇ ਈ-ਰਿਕਸ਼ਾ ’ਤੇ ਜਾਂਦੇ ਹਨ ਤਾਂ ਮਿੰਨੀ ਬੱਸ ਚਾਲਕ ਅਤੇ ਮੈਜਿਕ ਕਾਰ ਦੇ ਮਾਲਕ ਆਪਸ ਵਿੱਚ ਲੜਾਈ-ਝਗੜੇ ਕਰਕੇ ਸਵਾਰੀਆਂ ਨੂੰ ਧੱਕੇ ਨਾਲ ਹੇਠਾਂ ਉਤਾਰ ਦਿੰਦੇ ਹਨ। ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਪੂਰੀ ਤਰ੍ਹਾਂ ਧੱਕਾ ਕੀਤਾ ਜਾ ਰਿਹਾ ਹੈ।
ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਰਿਕਸ਼ਾ ਚਾਲਕਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਨਾ ਕਰਵਾਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਰਵਣ ਸਿੰਘ ਭੋਲਾ ਅਤੇ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਮਸੀਹ ਨੇ ਚੇਤਾਵਨੀ ਦਿੱਤੀ ਕਿ ਜੇਕਰ ਈ-ਰਿਕਸ਼ਾ ਚਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਯੂਨੀਅਨ ਈ-ਰਿਕਸ਼ਾ ਦਾ ਪੂਰਾ ਸਮਰਥਨ ਕਰੇਗੀ। ਇਸ ਮੌਕੇ ਸੰਨੀ ਉਮਰ, ਇਥਨੀ ਗਿੱਲ, ਪਵਨ ਕੁਮਾਰ, ਅਸ਼ੋਕ, ਮੰਗਲ ਸਿੰਘ, ਰੂਪ ਲਾਲ, ਸਾਜਨ, ਕਰਨ ਕੁਮਾਰ ਆਦਿ ਹਾਜ਼ਰ ਸਨ।