ਸਾਈਕਲੋਥੋਨ ਰੇਸ ਅਮਨ ਭੱਲਾ ਕਾਲਜ ਪਠਾਨਕੋਟ ਤੋਂ ਸ਼ੁਰੂ ਹੋ ਕੇ ਲੰਡਨ ਸਪਾਈਸ ਰੇਸਟੋਰੇਂਟ ਦੀਨਾਨਗਰ ਵਿਖੇ ਸਮਾਪਤ ਹੋਈ
350 ਪ੍ਰਤੀਭਾਗੀਆਂ ਨੇ ਸਾਈਕਲੋਥੋਨ ਰੇਸ ਵਿੱਚ ਭਾਗ ਲਿਆ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜੇਤੂ ਪ੍ਰਤੀਭਾਗੀਆਂ ਦਾ ਨਕਦ ਇਨਾਮ ਤੇ ਸਰਟੀਫਿਕੇਟ ਨਾਲ ਸਨਮਾਨ
ਨਸ਼ਾ ਮੁਕਤ ਅਤੇ ਰੰਗਲੇ ਪੰਜਾਬ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਜਾਰੀਆਂ ਰਹਿਣਗੀਆਂ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ
ਦੀਨਾਨਗਰ/ਗੁਰਦਾਸਪੁਰ, 11 ਮਾਰਚ (ਮੰਨਣ ਸੈਣੀ) । ਮੁੱਖ ਮੰਤਰੀ ਸ. ਭਗਵੰਤ ਸਿੰੰਘ ਮਾਨ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ’ ਮੂਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੇ ਗੁਰਦਾਸਪੁਰ ਵੱਲੋਂ ਸਾਂਝੇ ਤੌਰ ‘ਸਾਡਾ ਖੁਆਬ, ਨਸ਼ਾ ਮੁਕਤ ਪੰਜਾਬ’ ਦੇ ਨਾਅਰੇ ਹੇਠ ਅੱਜ ਸਵੇਰੇ ਸਾਈਕਲੋਥੋਨ ਰੇਸ (ਸਾਈਕਲ ਮੈਰਾਥਨ) ਦਾ ਆਯੋਜਿਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਪਠਾਨਕੋਟ ਸ. ਹਰਕਮਲਪ੍ਰੀਤ ਸਿੰਘ ਖੱਖ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅੰਕੁਰਜੀਤ ਸਿੰਘ, ਐੱਸ.ਡੀ.ਐੱਮ. ਧਾਰ ਕਲਾਂ ਸ. ਹਰਜਿੰਦਰ ਸਿੰਘ, ਐੱਸ.ਡੀ.ਐੱਮ. ਪਠਾਨਕੋਟ ਸ੍ਰੀ ਕਾਲਾ ਰਾਮ ਕਾਂਸਲ, ਸਾਬਕਾ ਕੈਬਨਿਟ ਮੰਤਰੀ ਸ੍ਰੀ ਰਮਨ ਭੱਲਾ, ਅਮਨਦੀਪ ਹਸਪਤਾਲ ਪਠਾਨਕੋਟ ਦੇ ਸੀ.ਈ.ਓ. ਡਾ. ਪ੍ਰੀਤੋਸ਼ ਜੋਸ਼ੀ ਅਤੇ ਪ੍ਰਬੰਧਕ ਸ੍ਰੀ ਵਿਜੇ ਥਾਪਾ ਵੱਲੋਂ ਹਰੀ ਝੰਡੀ ਦਿਖਾ ਕੇ ਸਾਈਕਲੋਥੋਨ ਰੇਸ ਨੂੰ ਪਠਾਨਕੋਟ ਤੋਂ ਰਵਾਨਾ ਕੀਤਾ ਗਿਆ।
ਇਸ ਸਾਈਕਲੋਥੋਨ ਰੇਸ ਵਿੱਚ 5 ਵੱਖ-ਵੱਖ ਕੈਟਗਰੀਆਂ (ਜਿਨ੍ਹਾਂ ਵਿੱਚ ਭਾਰਤੀ ਫ਼ੌਜ, ਪੰਜਾਬ ਪੁਲਿਸ, 20 ਤੋਂ 40 ਸਾਲ ਉਮਰ ਵਰਗ, 40 ਤੋਂ 60 ਸਾਲ ਉਮਰ ਵਰਗ ਅਤੇ ਮਹਿਲਾਵਾਂ ਦਾ ਵਰਗ ਸ਼ਾਮਲ ਸੀ) ਦੇ 350 ਪ੍ਰਤੀਭਾਗੀਆਂ ਨੇ ਭਾਗ ਲਿਆ। ਇਹ ਸਾਈਕਲੋਥਨ (ਸਾਈਕਲ ਮੈਰਾਥਨ) ਅੱਜ ਸਵੇਰੇ ਠੀਕ 7:00 ਵਜੇ ਪਠਾਨਕੋਟ ਸ਼ਹਿਰ ਦੇ ਕੋਟਲੀ ਨਜਦੀਕ ਅਮਨ ਭੱਲਾ ਕਾਲਜ ਤੋਂ ਅਰੰਭ ਹੋ ਕੇ ਝਾਖੋਲਾਹੜੀ, ਕਾਨਵਾਂ, ਪਰਮਾਨੰਦ ਤੋਂ ਹੁੰਦੀ ਹੋਈ ਦੀਨਾਨਗਰ ਦੇ ਦੂਸਰੇ ਕਿਨਾਰੇ ਤੇ ਗੁਰਦਾਸਪੁਰ ਰੋਡ ਤੇ ਸਥਿਤ ਲੰਡਨ ਸਪਾਈਸ ਰੇਸਟੋਰੇਂਟ ਵਿਖੇ ਪਹੁੰਚ ਕੇ ਸਮਾਪਤ ਹੋਈ।
ਲੰਡਨ ਸਪਾਈਸ ਰੇਸਟੋਰੈਂਟ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਵਿਸ਼ੇਸ਼ ਤੌਰ ’ਤੇ ਜੇਤੂ ਪ੍ਰਤੀਭਾਗੀਆਂ ਨੂੰ ਸਨਮਾਨਿਤ ਕਰਨ ਲਈ ਇਨਾਮਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਜੇਤੂ ਪ੍ਰਤੀਭਾਗੀਆਂ ਅਤੇ ਸਾਈਕਲੋਥੋਨ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਮੁਕਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਤੇ ਪਠਾਨਕੋਟ ਵੱਲੋਂ ਸਾਂਝੇ ਤੌਰ ’ਤੇ ਇਹ ਸਾਈਕਲੋਥੋਨ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਈਕਲੋਥੋਨ ਰੇਸ ਵਾਂਗ ਪ੍ਰਸ਼ਾਸਨ ਵੱਲੋਂ ਅਜਿਹੇ ਹੋਰ ਵੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਸਾਡੇ ਨੌਜਵਾਨਾਂ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਨਸ਼ੇ ਤੋਂ ਦੂਰ ਰਹਿਣ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਇਸ ਸਾਈਕਲੋਥੋਨ ਰੇਸ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਸਮੂਹ ਅਧਿਕਾਰੀਆਂ ਅਤੇ ਸਪਾਂਸਰਸ਼ਿਪ ਕਰਨ ਵਾਲੇ ਅਮਨ ਭੱਲਾ ਗੁਰੱਪ ਆਫ ਇੰਸਟੀਚਿਊਟ, ਅਮਨਦੀਪ ਹਸਤਪਾਲ ਪਠਾਨਕੋਟ ਅਤੇ ਲੰਡਨ ਸਪਾਈਸ ਰੇਸਟੋਰੇਂਟ ਦੀਨਾਨਗਰ ਦਾ ਵੀ ਧੰਨਵਾਦ ਕੀਤਾ।
ਇਸੇ ਦੌਰਾਨ ਇਨਾਮ ਵੰਡ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਹੋਰ ਅਧਿਕਾਰੀਆਂ ਵੱਲੋਂ ਸਾਈਕਲੋਥੋਨ ਰੇਸ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਪ੍ਰਤੀਭਾਗੀਆਂ ਨੂੰ 5100 ਰੁਪਏ, ਦੂਸਰੇ ਸਥਾਨ ’ਤੇ ਰਹਿਣ ਵਾਲੇ ਪ੍ਰਤੀਭਾਗੀਆਂ ਨੂੰ 3100 ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਤੀਭਾਗੀਆਂ ਨੂੰ 2100 ਰੁਪਏ ਦੇ ਨਕਦ ਇਨਾਮ, ਸਰਟੀਫਿਕੇਟ ਤੇ ਕਿੱਟਾਂ ਦੇ ਕੇ ਸਨਮਾਨਤ ਕੀਤਾ। ਇਸ ਤੋਂ ਇਲਾਵਾ 350 ਪ੍ਰਤੀਭਾਗੀਆਂ ਨੂੰ ਰਾਈਡਿੰਗ ਜੈਕਟ, ਕਿੱਟ, ਕੈਪ ਅਤੇ ਟੀ-ਸਰਟਾਂ ਦਿੱਤੀਆਂ ਗਈਆਂ। ਇਸ ਮੌਕੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅੰਕੁਰਜੀਤ ਸਿੰਘ, ਐੱਸ.ਡੀ.ਐੱਮ. ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ, ਐੱਸ.ਡੀ.ਐੱਮ. ਧਾਰ ਕਲਾਂ ਸ. ਹਰਜਿੰਦਰ ਸਿੰਘ, ਐੱਸ.ਡੀ.ਐੱਮ. ਪਠਾਨਕੋਟ ਸ੍ਰੀ ਕਾਲਾ ਰਾਮ ਕਾਂਸਲ, ਜੀ.ਏ. ਸ੍ਰੀ ਸਚਿਨ ਪਾਠਕ, ਏ.ਸੀ.ਪੀ. ਦੀਨਾਨਗਰ ਸ੍ਰੀ ਆਦਿਤਿਆ ਵਾਰੀਅਰ, ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ, ਪ੍ਰੋ. ਪ੍ਰਬੋਧ ਗਰੋਵਰ ਡੀਨ ਯੂਥ ਵੈਲਫੇਅਰ ਐੱਸ.ਐੱਸ.ਐੱਮ. ਕਾਲਜ ਦੀਨਾਨਗਰ, ਪ੍ਰੋ. ਸੋਨੂੰ ਮੰਗੋਤਰਾ ਸਮੇਤ ਹੋਰ ਵੀ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।