Close

Recent Posts

ਗੁਰਦਾਸਪੁਰ ਪੰਜਾਬ

ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲੱਗਿਆ

ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲੱਗਿਆ
  • PublishedMarch 10, 2023

ਪਾਣੀ ਅਤੇ ਪਰਾਲੀ ਦੀ ਸੰਭਾਲ ਲਈ ਯੂਨੀਵਰਸਿਟੀ ਸਿਫਾਰਿਸ਼ਾਂ ਅਪਣਾਉਣ ਕਿਸਾਨ : ਡਾ ਸਤਿਬੀਰ ਸਿੰਘ ਗੋਸਲ

ਪੰਜਾਬ ਸਰਕਾਰ ਨੇ ਆਪਣੇ ਬਜ਼ਟ ਵਿੱਚ ਖੇਤੀ ਸੈਕਟਰ ਲਈ 20 ਫੀਸਦੀ ਬਜ਼ਟ ਦਾ ਵਾਧਾ ਕੀਤਾ – ਚੇਅਰਮੈਨ ਰਮਨ ਬਹਿਲ  

ਗੁਰਦਾਸਪੁਰ, 10 ਮਾਰਚ ( ਮੰਨਣ ਸੈਣੀ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਉਣੀ ਦੀਆਂ ਫਸਲਾਂ ਲਈ ਲਗਾਏ ਜਾ ਰਹੇ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਮੇਲੇ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਸ਼ਾਮਲ ਹੋਏ। ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਸੇਖਵਾਂ, ਪੀ.ਏ.ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਹਰਦਿਆਲ ਸਿੰਘ ਗਜਨੀਪੁਰ, ਸ਼੍ਰੀਮਤੀ ਅਮਨਦੀਪ ਕੌਰ ਘੁੰਮਣ, ਪੀ.ਸੀ.ਐਸ, ਵਧੀਕ ਡਿਪਟੀ ਕਮਿਸ਼ਨਰ-ਕਮ- ਐੱਸ.ਡੀ.ਐਮ ਗੁਰਦਾਸਪੁਰ ਅਤੇ ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ ਦੀਨਾਨਗਰ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਮੇਲਾ ਖੇਤੀ ਗਿਆਨ ਪ੍ਰਸਾਰ ਦਾ ਮੌਕਾ ਹੈ। ਖੇਤੀ ਵਿਗਿਆਨੀਆਂ ਵੱਲੋਂ ਕੀਤੀਆਂ ਖੋਜਾਂ ਕਿਸਾਨਾਂ ਤਕ ਲਿਆ ਕੇ ਆਮ ਕਿਸਾਨ ਦੀਆਂ ਮੁਸ਼ਕਲਾਂ ਦੇ ਹੱਲ ਵੱਲ ਪਹਿਲਕਦਮੀ ਕਰਨੀ ਇਨ੍ਹਾਂ ਮੇਲਿਆਂ ਦਾ ਮੰਤਵ ਰਹਿ ਹੈ। ਸ਼੍ਰੀ ਬਹਿਲ ਨੇ ਯੂਨੀਵਰਸਿਟੀ ਮਾਹਿਰਾਂ ਦਾ ਧੰਨਵਾਦ ਕੀਤਾ ਜੋ ਆਪਣੇ ਗਿਆਨ ਨੂੰ ਖੇਤੀਕਾਰਾਂ ਨਾਲ ਸਾਂਝੇ ਕਰਦੇ ਹਨ। ਉਨ੍ਹਾਂ ਮੌਜੂਦਾ ਬਜਟ ਵਿੱਚ ਖੇਤੀ ਦੀ ਬਿਹਤਰੀ ਲਈ ਪੇਸ਼ ਤਜਵੀਜ਼ਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਰਾਜ ਸਰਕਾਰ ਨੇ ਆਪਣੇ ਬਜ਼ਟ ਵਿੱਚ ਖੇਤੀਬਾੜੀ ਸੈਕਟਰ ਲਈ 20 ਫੀਸਦੀ ਬਜ਼ਟ ਦਾ ਵਾਧਾ ਕੀਤਾ ਹੈ। ਸ਼੍ਰੀ ਬਹਿਲ ਨੇ ਸਬਜ਼ੀਆਂ ਦੀ ਪਨੀਰੀ ਲਈ ਇਸ ਕੇਂਦਰ ਵਿਚ ਕੀਤੀ ਪਹਿਲਕਦਮੀ ਲਈ ਇਲਾਕੇ ਵਲੋਂ ਧੰਨਵਾਦ ਕੀਤਾ। ਝੋਨੇ ਦੀ ਸਿੱਧੀ ਬਿਜਾਈ ਲਈ ਹੋਰ ਕੋਸ਼ਿਸ਼ਾਂ ਦੀ ਲੋੜ ਤੇ ਜ਼ੋਰ ਦਿੰਦਿਆਂ ਸ਼੍ਰੀ ਬਹਿਲ ਨੇ ਸਬਜ਼ੀਆਂ ਨਾਲ ਵੀ ਘੱਟੋ ਘੱਟ ਸਮਰਥਨ ਮੁੱਲ ਅਤੇ ਨਿਰਯਾਤ ਸੰਬੰਧੀ ਯੋਜਨਾ ਦੀ ਵਕਾਲਤ ਕੀਤੀ। ਸ਼੍ਰੀ ਬਹਿਲ ਨੇ ਨਾਲ ਹੀ ਗੰਨੇ ਦੀ ਕੀਮਤ ਸਾਰੇ ਦੇਸ਼ ਤੋਂ ਵੱਧ ਹੋਣ ਬਾਰੇ ਗੱਲ ਕਰਦਿਆਂ ਵਧੀਆ ਕਿਸਮਾਂ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ। ਬਾਸਮਤੀ ਤੇ ਨਰਮੇ ਦੀ ਵਧੇਰੇ ਕਾਸ਼ਤ ਵਾਲੇ ਪਿੰਡਾਂ ਤੋਂ ਉਤਸ਼ਾਹ ਲੈਣ ਬਾਰੇ ਕਿਸਾਨ ਮਿੱਤਰ ਯੋਜਨਾ ਬਾਰੇ ਵੀ ਉਨ੍ਹਾਂ ਸੂਚਿਤ ਕੀਤਾ। ਸਥਾਨਕ ਕੇਂਦਰ ਵਿਚ ਖੇਤੀ ਦੀ ਪੜ੍ਹਾਈ ਲਈ ਚਲਾਏ ਜਾ ਰਹੇ ਕੋਰਸਾਂ ਵਿਚ ਸਥਾਨਕ ਵਿਦਿਆਰਥੀਆਂ ਨੂੰ ਵਧ ਤੋਂ ਵਧ ਦਾਖਲ ਹੋਣ ਤੇ ਇਲਾਕੇ ਦੀ ਖੇਤੀ ਦੀ ਨੁਹਾਰ ਬਦਲਣ ਦਾ ਸੱਦਾ ਵੀ ਉਨ੍ਹਾਂ ਦਿੱਤਾ।

ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੀ.ਏ.ਯੂ ਤੋਂ ਵੀ ਪੁਰਾਣਾ ਹੈ, ਇਸ ਲਈ ਸਭ ਤੋਂ ਮਹੱਤਵਪੂਰਨ ਕੇਂਦਰ ਹੈ। ਇਸ ਕੇਂਦਰ ਦਾ ਮੌਸਮ ਲੁਧਿਆਣਾ ਤੋਂ ਭਿੰਨ ਹੋਣ ਕਰਕੇ ਖੋਜ ਪੱਖੋਂ ਬੜਾ ਅਹਿਮ ਹੈ। ਡਾ. ਗੋਸਲ ਨੇ  ਪੀ ਏ ਯੂ ਦੀ ਕਿਸਮ ਪੀ ਬੀ ਡਬਲਿਊ 826 ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸਨੂੰ ਦੇਸ਼ ਦੇ ਵਡੇਰੇ ਹਿੱਸੇ ਵਿਚ ਕਾਸ਼ਤ ਲਈ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੰਨੇ ਦਾ ਉਤਪਾਦਨ ਖੇਤਰ ਹੋਣ ਕਾਰਨ ਪੀ ਏ ਯੂ ਦੀਆਂ ਕਿਸਮਾਂ ਨੇ ਏਥੇ ਵਿਸ਼ੇਸ਼ ਪ੍ਰਵਾਨਗੀ ਲਈ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਕਾਸ਼ਤ ਵਧਾਉਣ ਦੇ ਨਾਲ ਹੀ ਖੇਤੀ ਰਸਾਇਣਾਂ ਦੀ ਢੁਕਵੀਂ ਵਰਤੋਂ ਕਰਨ ਵੱਲ ਵਧਣਾ ਚਾਹੀਦਾ ਹੈ। ਇਸ ਲਈ ਯੂਨੀਵਰਸਿਟੀ ਵਲੋਂ ਸਿਫਾਰਿਸ਼ ਰਸਾਇਣਾਂ ਦਾ ਛਿੜਕਾਅ ਹੀ ਕੀਤਾ ਜਾਵੇ।  ਡਾ ਗੋਸਲ ਨੇ ਝੋਨੇ ਦੀ ਕਿਸਮ  ਪੀ ਆਰ 126 ਦਾ ਜ਼ਿਕਰ ਖਾਸ ਤੌਰ ਤੇ ਕੀਤਾ। ਉਨ੍ਹਾਂ ਕਣਕ ਦੀ ਬਿਜਾਈ ਦੀ ਨਵੀਂ ਵਿਧੀ ਸਰਫਸ ਸੀਡਿੰਗ ਬਾਰੇ ਜਾਣਕਾਰੀ ਦਿੱਤੀ ਤੇ ਇਸਦੀ ਸਫਲਤਾ ਦਾ ਹਵਾਲਾ ਦਿੱਤਾ। ਇਸ ਵਿਧੀ ਨਾਲ ਵਾਤਾਵਰਨ ਪੱਖੀ ਖੇਤੀ ਨੂੰ ਨਵਾਂ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਛੇ ਜ਼ਿਲ੍ਹਿਆਂ ਵਿੱਚ ਖੁਦ ਕੀਤੇ ਸਰਵੇਖਣ ਬਾਰੇ ਦੱਸਿਆ ਤੇ ਇਸ ਵਿਧੀ ਨੂੰ ਅਪਣਾਉਣ ਵਾਲੇ ਕਿਸਾਨਾਂ ਦੇ ਉਤਸ਼ਾਹ ਨੂੰ ਸਾਂਝਾ ਕੀਤਾ। ਦਵਾਈਆਂ ਤੇ ਖਾਦਾਂ ਦੀ ਢੁਕਵੀਂ ਵਰਤੋਂ ਨੂੰ ਖੇਤੀ ਖਰਚਿਆਂ ਨੂੰ ਘਟਾਉਣ ਲਈ ਲਾਜ਼ਮੀ ਅਪਣਾਉਣ ਲਈ ਕਿਹਾ ਗਿਆ। ਖੇਤੀ ਨੀਤੀ ਬਣਾਉਣ ਸਮੇਂ ਕਿਸਾਨਾਂ ਦੀ ਰਾਏ ਸ਼ਾਮਿਲ ਕਰਨ ਬਾਰੇ ਡਾ ਗੋਸਲ ਨੇ ਕਿਹਾ ਕਿ ਖੇਤੀ ਦੀ ਸਫਲਤਾ ਲਈ ਕਿਸਾਨਾਂ ਦੇ ਤਜਰਬੇ ਬੜੇ ਅਹਿਮ ਹਨ। ਬਾਸਮਤੀ ਉੱਪਰ ਸਰਕਾਰ ਦੇ ਨਿਯਤ ਮੁੱਲ ਦੇਣ ਦਾ ਜ਼ਿਕਰ ਕਰਦਿਆਂ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਬਾਹਰ ਆਉਣ ਲਈ ਪ੍ਰੇਰਿਤ ਕੀਤਾ। ਡਾ ਗੋਸਲ ਨੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ਨਾਲ ਜੁੜਨ ਦੀ ਅਪੀਲ ਕੀਤੀ ਜੋ ਘਰੇਲੂ ਲੋੜਾਂ ਦੀ ਪੂਰਤੀ ਦਾ ਮਾਧਿਅਮ ਹੈ। ਇਸ ਕੇਂਦਰ ਵਿਚ ਖੇਤੀ ਸਿੱਖਿਆ ਕੇਂਦਰ ਦਾ ਲਾਹਾ ਲੈਣ ਲਈ ਸਥਾਨਕ ਪੱਧਰ ਤੇ ਲੋਕਾਂ ਨੂੰ ਯਤਨਸ਼ੀਲ ਹੋਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ `ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ`ਰੱਖਿਆ ਗਿਆ ਹੈ। ਇਸ ਦਾ ਮੰਤਵ ਖੇਤੀ ਨੂੰ ਘੱਟ ਖਰਚੀਲੀ ਤੇ ਵਾਤਾਵਰਨ ਪੱਖੀ ਬਣਾਉਣ ਦੀ ਪਹਿਲਕਦਮੀ ਕਰਨਾ ਹੈ।

ਡਾ. ਸਤਿਬੀਰ ਸਿੰਘ ਗੋਸਲ ਨੇ ਸਰਕਾਰ ਕਿਸਾਨ ਮਿਲਣੀ ਆਯੋਜਿਤ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਸਰਕਾਰ ਨੂੰ ਜਾਣੂੰ ਕਰਾਉਣ ਦੀ ਪਹਿਲੀ ਵਾਰ ਕੀਤੀ ਕੋਸ਼ਿਸ਼ ਬਾਰੇ ਕਿਸਾਨਾਂ ਨੂੰ ਦੱਸਿਆ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਖੇਤੀ ਨੀਤੀ ਬਣਾਉਣ ਵਿੱਚ ਸੁਝਾਅ ਦੇਣ ਅਤੇ ਸਰਗਰਮ ਭਾਗੀਦਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿਸਾਨਾਂ ਨੂੰ ਕਿਹਾ ਕਿ ਇਸ ਮੇਲੇ ਵਿੱਚੋਂ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜ਼ੀਆਂ ਦੀ ਪਨੀਰੀ ਆਦਿ ਖਰੀਦ ਕੇ ਲਿਜਾਣ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਆਉਂਦੇ ਦਿਨੀਂ ਅਨੁਕੂਲ ਮੌਸਮ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਵੱਧ ਉਤਪਾਦਨ ਦੇ ਨਾਲ ਗੁਣਵੱਤਾ ਦਾ ਦੌਰ ਸਾਮ੍ਹਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 900 ਤੋਂ ਵੱਧ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ। ਪਿਛਲੇ ਛੇ ਮਹੀਨਿਆਂ ਦੀਆਂ ਕਿਸਮਾਂ ਵਿਚ ਪੀ ਐਮ ਐਚ 14 ਹਾਈਬ੍ਰਿਡ ਦਾ ਜ਼ਿਕਰ ਉਨ੍ਹਾਂ ਕੀਤਾ। ਉਨ੍ਹਾਂ ਸ਼ੂਗਰ ਰੋਗੀਆਂ ਲਈ ਕਣਕ ਦੀ ਕਿਸਮ, ਮੱਕੀ ਅਤੇ ਚਰੀ ਦੀਆਂ ਨਵੀਂਆਂ ਕਿਸਮਾਂ ਦਾ ਵੀ ਜ਼ਿਕਰ ਕੀਤਾ ਅਤੇ ਖੇਤੀ ਵਿਭਿੰਨਤਾ ਲਈ ਫਲਾਂ ਵਿਚ ਸੇਬ ਦੀਆਂ ਦੋ ਕਿਸਮਾਂ ਡੋਰਸੈਟ ਗੋਲਡਨ ਅਤੇ ਅੰਨਾ ਬਾਰੇ ਦੱਸਿਆ। ਨਾਲ ਹੀ ਮਾਲਟੇ ਅਤੇ ਡਰੈਗਨ ਫਰੂਟ ਦੀਆਂ ਕਿਸਮਾਂ ਬਾਰੇ ਸਿਫਾਰਿਸ਼ਾਂ ਵੀ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਡਾ ਢੱਟ ਨੇ ਆਲੂਆਂ ਦੀਆਂ ਕਿਸਮਾਂ ਪੰਜਾਬ ਪੋਟੈਟੋ 101 ਅਤੇ ਪੰਜਾਬ ਪੋਟੈਟੋ 102 ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੇ ਗੁਣਾਂ ਬਾਰੇ ਦੱਸਿਆ। ਪੰਜਾਬ ਤਰਵੰਗਾ ਦਾ ਜ਼ਿਕਰ ਵੀ ਕੀਤਾ ਗਿਆ ਜੋ ਤਰ ਅਤੇ ਵੰਗਾ ਦਾ ਸੁਮੇਲ ਹੈ ਅਤੇ ਸਲਾਦ ਦੀ ਵਰਤੋਂ ਲਈ ਹੈ। ਬੈਂਗਣਾਂ ਵਿਚ ਮਾੜੇ ਪਾਣੀਆਂ ਵਿਚ ਕਾਸ਼ਤ ਲਈ ਪੰਜਾਬ ਹਿੰਮਤ, ਧਨੀਏ ਦੀ ਪੰਜ ਛੇ ਕਟਾਈਆਂ ਵਾਲੀ ਕਿਸਮ ਪੰਜਾਬ ਖੁਸ਼ਬੂ ਅਤੇ ਗੁਆਰਾ ਦੀ ਨਵੀਂ ਕਿਸਮ ਪੀ ਬੀ ਜੀ 16 ਤੋਂ ਬਿਨਾਂ ਭਿੰਡੀ ਦੀ ਜਾਮਨੀ ਰੰਗ ਵਾਲੀ ਕਿਸਮ ਪੰਜਾਬ ਲਾਲਿਮਾ , ਫੁੱਲਾਂ ਵਿਚ ਬਾਹਰ ਰੁੱਤ ਦੀ ਗੁਲਦਾਉਦੀ ਦੀਆਂ ਬਾਹਰ ਰੁੱਤ ਦੀਆਂ ਦੋ ਕਿਸਮਾਂ ਪੰਜਾਬ ਬਹਾਰ ਗੁਲਦਾਊਦੀ 1 ਅਤੇ 2, ਜੰਗਲਾਤ ਵਿਚ ਸਫੈਦੇ ਦੀ ਕਿਸਮ, ਡੇਕ ਦੀਆਂ ਕਿਸਮਾਂ ਪੰਜਾਬ ਡੇਕ 1 ਅਤੇ ਪੰਜਾਬ ਡੇਕ 2 ਦੀ ਸਿਫਾਰਿਸ਼ ਵੀ ਕੀਤੀ ਗਈ। ਨਾਲ ਹੀ ਡਾ. ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਸਾਇਲੇਜ ਦੀਆਂ ਖਰਾਬ ਗੰਢਾਂ ਤੋਂ ਗੰਡੋਇਆਂ ਦੀ ਖਾਦ ਬਣਾਉਣ ਬਾਰੇ ਦੱਸਦਿਆਂ ਡਾ ਢੱਟ ਨੇ ਗੰਨੇ ਦੀ ਮੈਲ ਅਤੇ ਰੂੜੀ ਦੇ ਮਿਸ਼ਰਨ ਨਾਲ ਬੂਟਿਆਂ ਲਈ ਖਾਦ ਤਿਆਰ ਕਰਨ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ। ਅੰਤਰ ਫ਼ਸਲਾਂ ਵਿੱਚ ਪਿਆਜ਼ ਦੀ ਬਿਜਾਈ ਯੋਗ ਕਿਸਮ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਪੌਦ ਸੁਰੱਖਿਆ ਤਕਨੀਕਾਂ ਵਿਚ ਬਾਸਮਤੀ ਦੇ ਗੜੂਏਂ ਦੀ ਰੋਕਥਾਮ ਅਤੇ ਸ਼ਹਿਦ ਤੋਂ ਵਾਈਨ ਬਣਾਉਣ ਦਾ ਤਰੀਕਾ ਸਾਂਝਾ ਕੀਤਾ ਗਿਆ। ਆਲੂ ਤੋਂ ਵੋਦਕਾ ਬਣਾਉਣ ਦਾ ਤਰੀਕਾ ਵੀ ਯੂਨੀਵਰਸਿਟੀ ਵਲੋਂ ਕਿਸਾਨਾਂ ਨਾਲ ਸਾਂਝਾ ਕੀਤਾ ਗਿਆ। ਖੁੰਬ ਦੀ ਗੁਣਵੱਤਾ ਵਧਾਉਣ ਲਈ ਯੂਨੀਵਰਸਿਟੀ ਦੀਆਂ ਨਵੀਆਂ ਖੋਜ ਤਕਨੀਕਾਂ ਵੀ ਨਿਰਦੇਸ਼ਕ ਖੋਜ ਨੇ ਕਿਸਾਨਾਂ ਨੂੰ ਦੱਸੀਆਂ।

ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿਚ ਸੱਤ ਕਿਸਾਨ ਮੇਲੇ ਹਾੜ੍ਹੀ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਇਹ ਇਸ ਲਦੀ ਦਾ ਤੀਸਰਾ ਮੇਲਾ ਹੈ। ਇਨ੍ਹਾਂ ਮੇਲਿਆਂ ਦਾ ਉਦੇਸ਼ ਖੇਤੀ ਲਾਗਤਾਂ ਨੂੰ ਘੱਟ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ। ਉਨ੍ਹਾਂ ਪੰਜਾਬ ਦੇ ਪਾਣੀ ਪੱਖੋਂ ਤੰਗੀ ਹੰਢਾ ਰਹੇ ਬਲਾਕਾਂ ਦਾ ਜ਼ਿਕਰ ਕਰਦਿਆਂ ਪਾਣੀ ਪੱਖੋਂ ਖਤਰੇ ਦੀ ਸਥਿਤੀ ਵਿਚਲੇ ਇਲਾਕਿਆਂ ਦੀ ਗੱਲ ਕੀਤੀ । ਉਨ੍ਹਾਂ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਤੇ ਬਾਸਮਤੀ ਦੀ ਕਾਸ਼ਤ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਡਾ ਬੁੱਟਰ ਨੇ ਕਿਹਾ ਕਿ ਇਸ ਇਲਾਕੇ ਨੂੰ ਵਰਦਾਨ ਹੈ ਕਿ ਬਾਸਮਤੀ ਦੀ ਮਹਿਕ ਲਈ ਐਨ ਢੁਕਵਾਂ ਵਾਤਾਵਰਨ ਏਥੇ ਮੌਜੂਦ ਹੈ। ਉਨ੍ਹਾਂ ਨੇ ਝੋਨੇ ਨੂੰ ਪਾਣੀ ਲਾਉਣ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ। ਘਟਦੀਆਂ ਜ਼ਮੀਨਾਂ ਦੇ ਮੱਦੇਨਜ਼ਰ ਸੰਯੁਕਤ ਖੇਤੀ ਪ੍ਰਣਾਲੀ ਅਪਣਾਉਣ ਲਈ ਵੀ ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕੀਤਾ। ਪੀ ਏ ਯੂ ਦੇ ਖੇਤਰੀ ਖੋਜ ਕੇਂਦਰਾਂ ਵਿਚ ਚਲ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਡਾ. ਗੁਰਮੀਤ ਸਿੰਘ ਬੁੱਟਰ ਨੇ ਦਿੱਤੀ।

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਸੰਬੋਧਨ ਵਿਚ ਪਾਣੀ ਦੀ ਬੱਚਤ ਤੇ ਸਿੰਚਾਈ ਲਈ ਪਾਣੀ ਦੀ ਢੁਕਵੀਂ ਵਰਤੋਂ ਅਤੇ ਨਹਿਰੀ ਪਾਣੀ ਬਾਰੇ ਬਜਟ ਵਿੱਚ ਸਰਕਾਰੀ ਪਹਿਲਕਦਮੀਆਂ ਨੂੰ ਕਿਸਾਨਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਸਾਨ ਮੇਲੇ ਲਾਉਣ ਲਈ ਯੂਨੀਵਰਸਿਟੀ ਮਾਹਿਰਾਂ ਅਤੇ ਵਾਈਸ ਚਾਂਸਲਰ ਨੂੰ ਵਿਸ਼ੇਸ਼ ਧੰਨਵਾਦ ਕਿਹਾ। ਵਿਸ਼ੇਸ਼ ਮਹਿਮਾਨ ਸ੍ਰੀ ਸ਼ਮਸ਼ੇਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਮੌਜੂਦਾ ਸਰਕਾਰ ਦੀ ਖੇਤੀ ਦੇ ਵਿਕਾਸ ਲਈ ਵਚਨਬੱਧਤਾ ਨੂੰ ਦੁਹਰਾਇਆ।  

ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਕਿਰਪਾਲ ਸਿੰਘ ਢਿੱਲੋਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਾਇਆ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਨਾਲ ਜੁੜਨ ਲਈ ਕਿਹਾ ਤੇ ਇਸ ਸੰਬੰਧ ਵਿੱਚ ਖੇਤੀ ਮਸ਼ੀਨਰੀ ਲਈ ਵਿਭਾਗ ਨਾਲ ਸੰਪਰਕ ਵਿਚ ਰਹਿਣ ਦੀ ਤਾਕੀਦ ਕੀਤੀ।

ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਲਈ ਪੈਦਾ ਕੀਤੇ ਅਨਾਜ ਨੂੰ ਵਡਿਆਇਆ। ਉਨ੍ਹਾਂ ਸਰਕਾਰਾਂ ਨੂੰ ਯੂਨੀਵਰਸਿਟੀ ਦੀ ਖੋਜ ਲਈ ਲੋੜੀਂਦੇ ਸਹਾਇਤਾ ਕਦਮ ਚੁੱਕਣ ਲਈ ਕਿਹਾ। ਪਾਣੀ ਦੀ ਸੰਭਾਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਸਮੇਂ ਬੁਲਾਰੇ ਨੇ ਇਸ ਨਾਲ ਜ਼ਿੰਦਗੀ ਦਾ ਆਧਾਰ ਜੁੜੇ ਹੋਣ ਦੀ ਗੱਲ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਮੈਡਮ ਅਮਨਦੀਪ ਕੌਰ ਘੁੰਮਣ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮੇਲੇ ਦੇ ਮੰਤਵ ਨੂੰ ਦ੍ਰਿੜ ਕਰਾਇਆ। ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਉੱਪਰ ਤਸੱਲੀ ਪ੍ਰਗਟ ਕੀਤੀ। ਮੈਡਮ ਘੁੰਮਣ ਨੇ ਪਾਣੀ ਬਚਾਉਣ ਦੀਆਂ ਤਕਨੀਕਾਂ ਅਪਣਾਉਣ ਲਈ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ।

ਇਸ ਮੇਲੇ ਦੌਰਾਨ ਅਗਾਂਹਵਧੂ ਕਿਸਾਨ ਚਰਨਜੀਤ ਸਿੰਘ ਪਿੰਡ ਧੰਦਲ, ਜਸਮਿੰਦਰ ਸਿੰਘ ਸਰਕਾਰੀਆ ਪਿੰਡ ਪਿੰਡੀ, ਗੁਰਭੇਜ ਸਿੰਘ ਬਾਠ ਪਿੰਡ ਭੋਪਰ ਸੈਦਾਂ, ਗੁਰਨਾਮ ਸਿੰਘ ਅਬਲਖੈਰ, ਸਤਨਾਮ ਸਿੰਘ ਪਿੰਡ ਬਾਗੜੀਆਂ, ਊਧਮ ਸਿੰਘ ਪੱਡਾ ਪਿੰਡ ਗੰਡੇ ਕੇ ਚੋਣੇ, ਰਣਜੀਤ ਸਿੰਘ ਰਾਣਾ ਪਿੰਡ ਸਿੱਧਵਾਂ, ਰਾਕੇਸ਼ ਕੁਮਾਰ ਕੋਂਡਾਲ ਪਿੰਡ ਪਨਿਆੜ, ਲਖਬੀਰ ਸਿੰਘ ਖਾਲਸਾ ਪਿੰਡ ਵੜੈਚ, ਮੀਨਾ ਕੁਮਾਰੀ ਪਿੰਡ ਹਾਰਬੇਹ ਜ਼ਿਲ੍ਹਾ ਹੋਸ਼ਿਆਰਪੁਰ ਨੂੰ ਸਨਮਾਨਿਤ ਕੀਤਾ ਗਿਆ।

ਸਨਮਾਨਿਤ ਮਾਹਿਰਾਂ ਵਿਚ ਡਾ ਬਲਦੇਵ ਸਿੰਘ ਬੋਪਾਰਾਏ, ਡਾ ਪਰਮਜੀਤ ਸਿੰਘ ਬੱਗਾ, ਡਾ ਅਵਤਾਰ ਸਿੰਘ ਰੰਧਾਵਾ ਅਤੇ ਡਾ ਭੁਪਿੰਦਰ ਸਿੰਘ ਬਸਰਾ ਪ੍ਰਮੁੱਖ ਸਨ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ।

ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਉਪ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿੱਲੋਂ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ। ਇਸ ਮੇਲੇ  ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।

Written By
The Punjab Wire