ਦਿੱਲੀ ਵਿਖੇ ਲੱਗੇ ਕਿਸਾਨੀ ਧਰਨੇ ਦੌਰਾਨ ਜਾਨ ਗੁਵਾਉਣ ਵਾਲੀ ਖੇਤ ਮਜ਼ਦੂਰ ਬੀਬੀ ਸ਼ਰਨਜੀਤ ਕੌਰ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਭੇਜਿਆ 5.00 ਲੱਖ ਰੁਪਏ ਦਾ ਚੈੱਕ ਭੇਟ ਕੀਤਾ
ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ )। ਬੀਤੇ ਸਮੇਂ ਖੇਤੀ ਕਾਨੂੰਨ ਦੇ ਵਿਰੁੱਧ ਦਿੱਲੀ ਵਿਖੇ ਲੱਗੇ ਕਿਸਾਨੀ ਧਰਨੇ ਦੌਰਾਨ ਪਿੰਡ ਤਲਵੰਡੀ ਲਾਲ ਸਿੰਘ, ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਦੀ ਖੇਤ ਮਜ਼ਦੂਰ ਬੀਬੀ ਸ਼ਰਨਜੀਤ ਕੌਰ ਦਾ ਦੇਹਾਂਤ ਹੋ ਗਿਆ ਸੀ। ਪੰਜਾਬ ਸਰਕਾਰ ਵੱਲੋਂ ਮ੍ਰਿਤਕ ਖੇਤ ਮਜ਼ਦੂਰ ਬੀਬੀ ਸ਼ਰਨਜੀਤ ਕੌਰ ਪਤਨੀ ਹਰਜੀਤ ਸਿੰਘ ਦੇ ਵਾਰਸਾਂ ਨਾਲ ਦੁੱਖ ਵੰਡਾਉਂਦਿਆਂ ਆਪਣੇ ਵਾਅਦੇ ਤਹਿਤ ਮ੍ਰਿਤਕ ਦੇ ਕਾਨੂੰਨੀ ਵਾਰਸਾਂ ਨੂੰ 5.00 ਲੱਖ ਰੁਪਏ ਮਾਲੀ ਸਹਾਇਤਾ ਭੇਜੀ ਗਈ ਹੈ। ਇਸ 5.00 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਚੈੱਕ ਅੱਜ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਵੱਲੋਂ ਮ੍ਰਿਤਕ ਖੇਤ ਮਜ਼ਦੂਰ ਬੀਬੀ ਸ਼ਰਨਜੀਤ ਕੌਰ ਦੀ ਵਾਰਸ ਉਸਦੀ ਧੀ ਅਮਨਦੀਪ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਹਯਾਤ ਨਗਰ ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਨੂੰ ਭੇਟ ਕੀਤਾ ਗਿਆ। ਐੱਸ.ਡੀ.ਐੱਮ. ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ 5.00 ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੀੜ੍ਹਤ ਪਰਿਵਾਰ ਨਾਲ ਪੂਰੀ ਹਮਦਰਦੀ ਹੈ।