ਗੁਰਦਾਸਪੁਰ, 8 ਮਾਰਚ, 2023 (ਦੀ ਪੰਜਾਬ ਵਾਇਰ)। ਕੈਨੇਡਾ ਤੋਂ ਆਏ ਇੱਕ ਐਨ.ਆਰ.ਆਈ. ਨੌਜਵਾਨ ਪ੍ਰਦੀਪ ਸਿੰਘ ਪ੍ਰਿੰਸ, ਜਿਸ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖ਼ੇ ਹੋਲਾ ਮਹੱਲਾ ਵੇਖ਼ਣ ਗਿਆਂ ਕਤਲ ਕਰ ਦਿੱਤਾ ਗਿਆ ਸੀ, ਦੇ ਮਾਪਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੋਸ਼ੀਆਂ ਦੇ ਫ਼ੜੇ ਜਾਣ ਤਕ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ।
ਪਿੰਡ ਗਾਜ਼ੀਕੋਟ ਦਾ ਰਹਿਣ ਵਾਲਾ 24 ਸਾਲਾ ਪਰਦੀਪ ਸਿੰਘ ਪ੍ਰਿੰਸ ਪੁੱਤਰ ਗੁਰਬਖ਼ਸ਼ ਸਿੰਘ ਆਪਣੇ ਮਾਪਆਂ ਦਾ ਇਕਲੌਤਾ ਪੁੱਤਰ ਸੀ।
ਕੈਨੇਡਾ ਵਿੱਚ ਪੀ.ਆਰ. ਹੋਣ ਮਗਰੋਂ ਪਹਿਲੀ ਵਾਰ 7 ਸਾਲ ਬਾਅਦ ਘਰ ਪਰਤਿਆ ਸੀ ਅਤੇ ਸ਼ਰਧਾਵੱਸ ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖ਼ੇ ਨਿਹੰਗ ਬਾਣੇ ਵਿੱਚ ਸਜ ਕੇ ਨਤਮਸਤਕ ਹੋਣ ਲਈ ਗਿਆ ਸੀ। ਉਂਜ ਖ਼ਬਰ ਇਹ ਹੈ ਕਿ ਉਹ ਕਿਸੇ ਨਿਹੰਗ ਦਲ ਨਾਲ ਸੰਬੰਧਤ ਨਹੀਂ ਸੀ ਸਗੋਂ ਖ਼ਾਸ ਮੌਕਆਂ ’ਤੇ ਨਿਹੰਗ ਬਾਣੇ ਵਿੱਚ ਅਤੇ ਦੁਮਾਲਾ ਸਜਾਈ ਨਜ਼ਰ ਆਉਂਦਾ ਸੀ। ਉਹ ਕੈਨੇਡਾ ਦੇ ਸਰੀ ਵਿੱਚ ਵੀ ਸਮਾਗਮਾਂ ਦੌਰਾਨ ਵੀ ਸਰਗਰਮ ਨਜ਼ਰ ਆਉਂਦਾ ਸੀ।
ਇਸੇ ਦੌਰਾਨ ਨੰਗਲ ਰੋਡ ’ਤੇ ਹੁੜਦੰਗ ਕਰ ਰਹੇ ਕੁਝ ਨੌਜਵਾਨਾਂ ਵੱਲੋਂ ਬੁਲੇਟ ਦੇ ਪਟਾਕੇ ਮਾਰਣ ਅਤੇ ਹੋਰ ਸਪੀਕਰਾਂ ਆਦਿ ਨਾਲ ਮਾਹੌਲ ਨੂੰ ਖ਼ਰਾਬ ਕਰਨ ’ਤੇ ਪ੍ਰਦੀਪ ਸਿੰਘ ਪ੍ਰਿੰਸ ਨੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਵਰਜਿਆ ਜਿਸ ਮਗਰੋਂ ਗੱਲ ਵੱਧ ਗਈ ਅਤੇ ਤੇਜ਼ ਧਾਰ ਹਥਿਆਰਾਂ ਨਾਲ ਅਤੇ ਪੱਥਰਬਾਜ਼ੀ ਆਦਿ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ।
ਇਹ ਮੰਦਭਾਗੀ ਘਟਨਾ ਸੰਗਤਾਂ ਅਤੇ ਆਮ ਲੋਕਾਂ ਦੇ ਸਾਹਮਣੇ ਵਾਪਰੀ ਪਰ ਹਮਲਾਵਰਾਂ ਦੀ ਦਹਿਸ਼ਤ ਇੰਨੀ ਰਹੀ ਕਿ ਕੋਈ ਵੀ ਵਿਚਕਾਰ ਨਹੀਂ ਆਇਆ ਅਤੇ ਪ੍ਰਦੀਪ ਸਿੰਘ ਪ੍ਰਿੰਸ ਦਮ ਤੋੜ ਗਿਆ।
ਪਰਿਵਾਰ ਦਾ ਕਹਿਣਾ ਹੈ ਕਿ ਉਹ ਪੋਸਟਮਾਰਟਮ ਤੋਂ ਬਾਅਦ ਉਨੀ ਦੇਰ ਸਸਕਾਰ ਨਹੀਂ ਕਰਨਗੇ ਜਿੰਨੀ ਦੇਰ ਇਸ ਕਾਂਡ ਦੇ ਸਾਰੇ ਦੋਸ਼ੀ ਫ਼ੜ ਨਹੀਂ ਲਏ ਜਾਂਦੇ।
ਯਾਦ ਰਹੇ ਕਿ ਬੀਤੇ ਕਲ੍ਹ ਹੀ ਇਸ ਘਟਨਾ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰੂਪਨਗਰ ਦੇ ਐੱਸ.ਐੱਸ.ਪੀ. ਸ੍ਰੀ ਵਿਵੇਕਸ਼ੀਲ ਸੋਨੀ ਨੇ ਕਿਹਾ ਸੀ ਕਿ ਇਸ ਮਾਮਲੇ ਦਾ ਇੱਕ ਦੋਸ਼ੀ ਨਿਰੰਜਨ ਸਿੰਘ ਜੋ ਕਿ ਪੀ.ਜੀ.ਆਈ.ਚੰਡੀਗੜ੍ਹ ਵਿਖ਼ੇ ਇਲਾਜ ਲਈ ਦਾਖ਼ਲ ਹੈ ਦੇ ਦੁਆਲੇ ਗਾਰਦ ਲਗਾ ਦਿੱਤੀ ਗਈ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।