ਟਰੱਕ ਯੂਨੀਅਨ ਦੀ ਕਮਾਈ ’ਤੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ
ਆਪੇ ਬਣੇ ਹਲਕਾ ਇੰਚਾਰਜ ’ਤੇ ਵਿੰਨਿਆਂ ਨਿਸ਼ਾਨਾ
ਦੀਨਾਨਗਰ (ਗੁਰਦਾਸਪੁਰ), 7 ਮਾਰਚ ( ਦੀ ਪੰਜਾਬ ਵਾਇਰ)। ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕਾ ਅਰੁਨਾ ਚੌਧਰੀ ਨੇ ਅੱਜ ਵਿਧਾਨ ਸਭਾ ’ਚ ਦੀਨਾਨਗਰ ਹਲਕੇ ਅੰਦਰ ਟਰੱਕ ਯੂਨੀਅਨ ਦੀ ਆਡ਼ ਹੇਠ ਹੋ ਰਹੀ ਲੁੱਟ-ਖਸੁੱਟ ਦਾ ਮੁੱਦਾ ਬਡ਼ੇ ਜ਼ੋਰ ਸ਼ੋਰ ਨਾਲ ਉਠਾਉਂਦਿਆਂ ਸਰਕਾਰ ਨੂੰ ਇਸਦੀ ਕਮਾਈ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਪੰਜਾਬ ਅੰਦਰ ਟਰੱਕ ਯੂਨੀਅਨਾਂ ਭੰਗ ਕਰਕੇ ਸ਼ਾਂਤੀ ਦਾ ਮਾਹੌਲ ਸਿਰਜਿਆ ਗਿਆ ਸੀ ਪਰ ਨਵੀਂ ਸਰਕਾਰ ਦੇ ਆਗਮਨ ਨਾਲ ਹੀ ਦੀਨਾਨਗਰ ਹਲਕੇ ਅੰਦਰ ਟਰੱਕ ਯੂਨੀਅਨ ਮੁਡ਼ ਸੁਰਜੀਤ ਹੋ ਗਈ ਅਤੇ ਇੱਕ ਅਜਿਹੇ ਵਿਅਕਤੀ ਨੂੰ ਇਸਦਾ ਪ੍ਰਧਾਨ ਥਾਪਿਆ ਗਿਆ ਜਿਸ ’ਤੇ ਨਸ਼ਾ ਤਸਕਰੀ ਦੇ ਦੋਸ਼ ਹੇਠ ਥਾਣਾ ਬਹਿਰਾਮਪੁਰ ’ਚ ਪਰਚਾ ਦਰਜ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਵਿਵਾਦ ਕਾਰਨ ਪਿਛਲੇ ਦਿਨੀਂ ਵੀ ਦੋ ਧਿਰਾਂ ’ਚ ਖ਼ੂਨੀ ਝਡ਼ੱਪ ਹੋਈ, ਜਿਸ ਨਾਲ ਇਲਾਕੇ ਭਰ ’ਚ ਮਾਹੌਲ ਤਣਾਅਪੂਰਨ ਰਿਹਾ ਅਤੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਪੇ ਬਣੇ ਹਲਕਾ ਇੰਚਾਰਜ ਵੱਲੋਂ ਦੁਬਾਰਾ ਹੋਂਦ ’ਚ ਲਿਆਂਦੀ ਗਈ ਟਰੱਕ ਯੂਨੀਅਨ ਵੱਲੋਂ ਸ਼ੂਗਰ ਮਿੱਲ ਪਨਿਆਡ਼ ਵਿਖੇ ਵੱਖਰੇ ਚਾਰਜ਼ ਤੇ ਮਨਮਾਨੀਆਂ ਪਰਚੀਆਂ ਕੱਟ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਜੋ ਸਿੱਧੇ ਰੂਪ ’ਚ ਗੁੰਡਾਗਰਦੀ ਹੈ। ਉਨ੍ਹਾਂ ਸਪੀਕਰ ਸਾਹਿਬ ਨੂੰ ਅਪੀਲ ਕੀਤੀ ਕਿ ਕ੍ਰਿਪਾ ਕਰਕੇ ਸਰਕਾਰ ਇਸ ਸਬੰਧੀ ਸਥਿਤੀ ਸਪੱਸ਼ਟ ਕਰੇ ਕਿ ਕਯਾ ਟਰੱਕ ਯੂਨੀਅਨ ਵੱਲੋਂ ਕੱਟੀਆਂ ਜਾਂਦੀਆਂ ਪਰਚੀਆਂ ਲੀਗਲ ਹਨ ਅਤੇ ਕਯਾ ਇਸਦੀ ਕਮਾਈ ਦਾ ਹਿੱਸਾ ਸਰਕਾਰ ਨੂੰ ਜਾਂਦਾ ਹੈ ਜਾਂ ਨਹੀਂ। ਉਨ੍ਹਾਂ ਇਸ ਮਾਮਲੇ ’ਤੇ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ।