ਬਟਾਲਾ ਸ਼ਹਿਰ ਦੀ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ-ਡਿਪਟੀ ਕਮਿਸ਼ਨਰ
ਬਟਾਲਾ, 3 ਮਾਰਚ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਅੱਜ ਬਟਾਲਾ ਦੇ ਸਨਅਤਕਾਰਾਂ ਨਾਲ ਸਥਾਨਕ ਆਰ.ਆਰ ਬਾਵਾ ਡੀਏਵੀ ਕਾਲਜ ਫਾਰ ਵੋਮੈਨ ਵਿਖੇ ਪਲੇਠੀ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੀਮਤੀ ਅਸ਼ਵਿਨੀ ਗੋਟਿਆਲ, ਐਸ.ਐਸ.ਪੀ ਬਟਾਲਾ, ਡਾ.ਸ਼ਾਇਰੀ ਭੰਡਾਰੀ ਐਸ.ਡੀ.ਐਮ.ਬਟਾਲਾ ਤੇ ਸੁਖਪਾਲ ਸਿੰਘ ਜੀ.ਐਮ ਇੰਡਸਟਰੀ ਬਟਾਲਾ ਵੀ ਮੋਜੂਦ ਸਨ।
ਮੀਟਿੰਗ ਦੌਰਾਨ ਬਟਾਲਾ ਸ਼ਹਿਰ ਦੇ ਵੱਖ-ਵੱਖ ਸਨਅਤਕਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਇੰਡਸਟਰੀਅਲ ਅਸਟੇਟ ਅਤੇ ਉਦਯੋਗਿਕ ਫੋਕਲ ਪੁਆਇੰਟ ਦੇ ਬੁਨਿਅਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ। ਖੇਤੀਬਾੜੀ ਸੰਦ ਬਣਾਉਣ ਨਾਲ ਸਬੰਧਤ ਉਦਯੋਗ ਸਥਾਪਤ ਕੀਤਾ ਜਾਵੇ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੱਡੀ ਇੰਡਸਟਰੀ ਲਗਾਉਣ ਲਈ ਵੱਡੇ ਸਨਅਤਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਬੈਂਕ ਪ੍ਰਣਾਲੀ ਸੁਖਾਲੀ ਬਣਾਈ ਜਾਵੇ। ਸਨਅਤੀ ਖੇਤਰ ਵਿੱਚ ਪੁਲਿਸ ਦੇ ਨਾਕੇ ਵਧਾਏ ਜਾਣ। ਇਸ ਤੋਂ ਇਲਾਵਾ ਸ਼ਹਿਰ ਅੰਦਰ ਆਵਾਜਾਈ ਨੂੰ ਹੋਰ ਸੁਖਾਲਾ ਕਰਨ ਦੇ ਮੰਤਵ ਨਾਲ ਪਾਰਕਿੰਗ ਵਿਵਸਥਾ ਕਰਨ ਸਮੇਤ ਵੱਖ-ਵੱਖ ਪਹਿਲੂਆਂ ਸਬੰਧੀ ਸਨਅਤਕਾਰਾਂ ਨੇ ਆਪਣੇ ਮੁਸ਼ਕਿਲਾਂ ਦੱਸੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਉਦਯੋਗ ਨਾਲ ਸਬੰਧਤ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਤੇ ਸਨਅਤਕਾਰਾਂ ਨਾਲ ਰੈਗੂਲਰ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਅਗਲੀ ਮੀਟਿੰਗ ਗੁਰਦਾਸਪਰੁ ਵਿਖੇ 11 ਅਪ੍ਰੈਲ ਨੂੰ ਕੀਤੀ ਜਾਵੇਗੀ। ਇੰਡਸਟਰੀਅਲ ਅਸਟੇਟ ਅਤੇ ਉਦਯੋਗਿਕ ਫੋਕਲ ਪੁਆਇੰਟ ਦੇ ਬੁਨਿਅਦੀ ਢਾਂਚੇ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ। ਖੇਤੀਬਾੜੀ ਸਨਅਤ ਲਗਾਉਣ ਦੇ ਯਤਨ ਕੀਤੇ ਜਾਣਗੇ ਅਤੇ ਵੱਡਾ ਉਦਯੋਗ ਸਥਾਪਤ ਕਰਨ ਲਈ ਵੀ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦੀ ਹਮੇਸ਼ਾਂ ਕੋਸ਼ਿਸ ਹੁੰਦੀ ਹੈ ਕਿ ਸਨਅਤਕਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਦਯੋਗ ਨਾਲ ਸਬੰਧਤ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ। ਉਨਾਂ ਕਿਹਾ ਕਿ ਬੈਕਿੰਗ ਖੇਤਰ ਨਾਲ ਸਬੰਧਤ ਮੁਸ਼ਕਿਲਾਂ ਨੂੰ ਵੀ ਦੂਰ ਕੀਤਾ ਜਾਵੇਗਾ ਅਤੇ ਸ਼ਹਿਰ ਅੰਦਰ ਆਵਾਜਾਈ ਨੂੰ ਹੋਰ ਸੁਖਾਲਾ ਕਰਨ ਲਈ ਵਿਸ਼ੇਸ ਯਤਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਇਤਿਹਾਸਕ ਤੇ ਧਾਰਮਿਕ ਪੱਖ ਤੋਂ ਬਹੁਤ ਅਮੀਰ ਵਿਰਸਾ ਆਪਣੇ ਵਿੱਚ ਸਮੋਈ ਬੈਠਾ ਹੈ ਅਤੇ ਸ਼ਹਿਰ ਨੂੰ ਹੋਰ ਵਿਕਸਿਤ ਕਰਨ ਲਈ ਸਨਅਤਕਾਰ ਵੀ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੇ ਹਰ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ।
ਇਸ ਮੌਕੇ ਐਸ.ਐਸ.ਪੀ ਬਟਾਲਾ ਮੈਡਮ ਅਸ਼ਨਿੀ ਗੋਟਿਆਲ ਨੇ ਸਨਅਤਕਾਰਾਂ ਨੂੰ ਯਕੀਨ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਉਨਾਂ ਨਾਲ ਖੜ੍ਹਾ ਹੈ। ਸ਼ਹਿਰ ਅੰਦਰ ਪੁਲਿਸ ਨਾਕਿਆਂ ਨੂੰ ਵਧਾਇਆ ਜਾਵੇਗਾ। ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਸ਼ਿਆਂ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਲੋਕਾਂ ਨੂੰ ਵੀ ਅੱਗੇ ਆ ਕੇ ਨਸ਼ਿਆਂ ਵਿਰੁੱਧ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਬਟਾਲਾ ਸ਼ਹਿਰ ਦੇ ਉੱਘੇ ਸਨਅਤਕਾਰ ਰਾਕੇਸ਼ ਗੋਇਲ, ਚੇਅਰਮੈਨ ਨਰੇਸ਼ ਗੋਇਲ, ਰਮੇਸ਼ ਕੁਮਾਰ ਸ਼ਰਮਾ ਪ੍ਰਧਾਨ ਇੰਡਸਟਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ, ਰਾਜੇਸ਼ ਕਵਾਤਰਾ, ਵਰੁਣ ਬਾਂਸਲ, ਰਵਿੰਦਰ ਹਾਂਡਾ, ਵੀ.ਐਮ ਗੋਇਲ, ਇੰਦਰ ਸੇਖੜੀ, ਪਵਨ ਕੁਮਾਰ ਪੰਮਾ, ਪਰਮਜੀਤ ਸਿੰਘ ਗਿੱਲ, ਪਿ੍ਰੰਸੀਪਲ ਏਕਤਾ ਖੋਸਲਾ, ਐਲ.ਡੀ.ਐਮ ਕੇਵਲ ਕਲਸੀ, ਗੁਰਪ੍ਰੀਤ ਸਿੰਘ ਡਿਪਟੀ ਟਾਊਨ ਪਲਾਨਰ, ਨਰਿੰਦਰ ਸਿੰਘ, ਹਰਵਿੰਦਰ ਸਿੰਘ ਕਲਸੀ, ਤੇਜਿੰਦਰ ਸਿੰਘ ਬਿਊਟੀ ਰੰਧਾਵਾ, ਸਹਿਮੀ ਜੀ ਸਮੇਤ ਸ਼ਹਿਰ ਦੇ ਉੱਘੇ ਸਨਅਤਕਾਰ ਮੋਜੂਦ ਸਨ।