ਲੋਕਾਂ ਨੇ ਚੇਅਰਮੈਨ ਬਹਿਲ ਦੀ ਨਿਮਰਤਾ ਅਤੇ ਨਿਰਮਾਣਤਾ ਦੀ ਸ਼ਲਾਘਾ ਕੀਤੀ
ਗੁਰਦਾਸਪੁਰ, 24 ਫਰਵਰੀ ( ਮੰਨਣ ਸੈਣੀ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਸੇਵਾ ਕੇਂਦਰ ਵਿਖੇ ਲਾਈਨ ਵਿੱਚ ਖਲ੍ਹੋ ਕੇ ਆਪਣੇ ਅਸਲਾ ਲਾਇਸੰਸ ਦਾ ਰੀਨਿਊ ਕਰਵਾਉਣ ਦੀ ਅਰਜ਼ੀ ਜਮ੍ਹਾਂ ਕਰਵਾਈ। ਸ੍ਰੀ ਬਹਿਲ ਨੇ ਆਮ ਆਦਮੀ ਦੀ ਤਰਾਂ ਲਾਈਨ ਵਿੱਚ ਲੱਗ ਕੇ ਸੇਵਾ ਕੇਂਦਰ ਦੀ ਖਿੜਕੀ ਤੋਂ ਆਪਣਾ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ। ਆਪਣੀ ਵਾਰੀ ਆਉਣ ’ਤੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਲੋੜੀਂਦੇ ਕਾਗਜ਼ਾਤ ਜਮਾਂ ਕਰਵਾਏ ਅਤੇ ਸੇਵਾ ਕੇਂਦਰ ਦੇ ਕਰਮੀ ਤੋਂ ਰਸੀਦ ਹਾਸਲ ਕੀਤੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਹੁਣ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਖੱਜ਼ਲ-ਖੁਆਰੀ ਖਤਮ ਹੋਈ ਹੈ ਅਤੇ ਰਾਜ ਸਰਕਾਰ ਵੱਲੋਂ ਸੇਵਾ ਕੇਂਦਰਾਂ ਜਰੀਏ ਲੋਕਾਂ ਨੂੰ ਪੂਰੀ ਤਰਾਂ ਪਾਰਦਰਸ਼ੀ ਅਤੇ ਸਮ੍ਹਾਂਬੱਧ ਈ-ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਬਹਿਲ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਆਪਣਾ ਅਸਲਾ ਲਾਇਸੰਸ ਰੀਨਿਊ ਕਰਵਾਉਣ ਲਈ ਸੇਵਾ ਕੇਂਦਰ ਰਾਹੀਂ ਅਪਲਾਈ ਕੀਤਾ ਹੈ ਅਤੇ ਬਿਨ੍ਹਾਂ ਕਿਸੇ ਪਰੇਸ਼ਾਨੀ ਜਾਂ ਦੇਰੀ ਦੇ ਉਨ੍ਹਾਂ ਦਾ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਭ੍ਰਿਸ਼ਟਾਚਾਰ ਨੂੰ ਵੀ ਲਗਾਮ ਲੱਗੀ ਹੈ।
ਓਧਰ ਦੂਸਰੇ ਪਾਸੇ ਜਦੋਂ ਲੋਕਾਂ ਨੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਆਪਣਾ ਕੰਮ ਕਰਵਾਉਣ ਲਈ ਸੇਵਾ ਕੇਂਦਰ ਦੀ ਲਾਈਨ ਵਿੱਚ ਲੱਗਾ ਦੇਖਿਆ ਤਾਂ ਉਨ੍ਹਾਂ ਨੇ ਵੀ ਚੇਅਰਮੈਨ ਬਹਿਲ ਦੀ ਨਿਮਰਤਾ ਅਤੇ ਨਿਰਮਾਣਤਾ ਦੀ ਸ਼ਲਾਘਾ ਕੀਤੀ।