ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ, ਰੇੇਲ ਰੋਕਣ ਕਾਰਨ 10 ਟਰੇਨਾਂ ਪ੍ਰਭਾਵਿਤ, ਰੂਟ ਦਿੱਲੀ ਤੋਂ ਜੰਮੂ ਵੱਲ ਮੋੜਿਆ ਗਿਆ
ਗੁਰਦਾਸਪੁਰ, 22 ਫਰਵਰੀ 2023 (ਮੰਨਣ ਸੈਣੀ)। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਪੱਕਾ ਧਰਨਾ ਦਿੱਤਾ। ਜਿਸ ਵਿੱਚ ਕਿਸਾਨ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਹੜਤਾਲ ਕਾਰਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਉਪਰ ਅਤੇ ਡਾਊਨ ਜਾਣ ਵਾਲੀਆਂ 10 ਟਰੇਨਾਂ ਪ੍ਰਭਾਵਿਤ ਹੋਈਆਂ। ਹਾਲਾਂਕਿ ਦਿੱਲੀ ਤੋਂ ਜੰਮੂ ਜਾ ਰਹੀ ਟਰੇਨ ਨੂੰ ਮੁਕੇਰੀਆਂ ਵੱਲ ਮੋੜ ਦਿੱਤਾ ਗਿਆ। ਜਦਕਿ ਵੱਖ-ਵੱਖ ਰੂਟਾਂ ‘ਤੇ ਜਾਣ ਵਾਲੇ 100 ਦੇ ਕਰੀਬ ਸਵਾਰੀਆਂ ਨੂੰ ਪ੍ਰੇਸ਼ਾਨੀ ਹੋਈ। ਹਾਲਾਂਕਿ, ਬਹੁਤ ਸਾਰੇ ਯਾਤਰੀਆਂ ਨੇ ਬੱਸ ਰਾਹੀਂ ਸਫ਼ਰ ਕਰਨਾ ਠੀਕ ਸਮਝਿਆ। ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਧਰਨਾਕਾਰੀਆਂ ਨੂੰ ਉਠਾਉਣ ਲਈ ਐਸਡੀਐਮ ਅਮਨਦੀਪ ਕੌਰ ਵੀ ਪਹੁੰਚੀ ਪਰ ਕਿਸਾਨਾਂ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਜਿਸ ਤੋਂ ਬਾਅਦ ਐਸਡੀਐਮ ਵਾਪਿਸ ਪਰਤ ਗਈ। ਦੱਸਣਯੋਗ ਹੈ ਕਿ ਬੀਤੇ ਦਿੰਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੀ ਕਿਸਾਨਾਂ ਨੂੰ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਰੇਲ ਰੋਕੋ ਅੰਦੋਲਨ ਨਾ ਕਰਨ ਦੀ ਅਪੀਲ ਕੀਤੀ ਸੀ । ਡੀਸੀ ਵੱਲੋਂ ਦੱਸਿਆ ਗਿਆ ਸੀ ਕਿ ਕਿਸਾਨਾਂ ਦੀ ਸਾਰੀਆਂ ਮੰਗਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਇਸਦਾ ਜਲਦ ਹੱਲ ਕਰਨ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਪਰ ਕਿਸਾਨ ਜੱਥੇਬੰਦਿਆ ਨੇ ਉਸ ਅਪੀਲ ਨੂੰ ਵੀ ਨਾ ਮੰਨਿਆ।
ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪਿਛਲੇ ਮਹੀਨੇ ਦਿੱਤੇ ਧਰਨੇ ਦੌਰਾਨ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਅਜੇ ਤੱਕ ਕੋਈ ਵੀ ਮੰਗ ਪੂਰੀ ਨਹੀਂ ਹੋਈ। ਆਗੂ ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਰੋਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਜਿਸ ਕਾਰਨ ਕਿਸਾਨ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਨਹੀਂ ਤਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਸੁੱਚਾ ਸਿੰਘ, ਨਰਿੰਦਰ ਸਿੰਘ, ਲਖਵਿੰਦਰ ਸਿੰਘ, ਨਿਸ਼ਾਨ ਸਿੰਘ, ਸਰਬਜੀਤ ਸਿੰਘ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ ਮੱਲੀ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।