ਫ਼ੌਜ ਭਰਤੀ ਦਫ਼ਤਰ ਅੰਮ੍ਰਿਤਸਰ ਵੱਲੋਂ ਮੰਗੇ ਗਏ ਬਿਨੈ ਪੱਤਰ
ਗੁਰਦਾਸਪੁਰ, 21 ਫਰਵਰੀ ( ਮੰਨਣ ਸੈਣੀ) । ਅਗਨੀਵੀਰ ਫ਼ੌਜ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ 16 ਫਰਵਰੀ ਤੋਂ ਸ਼ੁਰੂ ਹੋ ਕੇ 15 ਮਾਰਚ 2023 ਤੱਕ ਚੱਲੇਗੀ। ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਸਾਰੇ ਇਛੁੱਕ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ www.joinindianarmy.nic.in `ਤੇ ਔਨਲਾਈਨ ਅਰਜ਼ੀ ਦੇ ਸਕਦੇ ਹਨ।
ਅੰਮ੍ਰਿਤਸਰ ਸਥਿਤ ਭਾਰਤੀ ਫੌਜ ਭਰਤੀ ਦਫ਼ਤਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਸ ਭਰਤੀ ਲਈ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਜਾ ਰਹੇ ਹਨ। ਲੋੜੀਂਦੀ ਸਿੱਖਿਆ ਯੋਗਤਾ ਵਾਲੇ 01 ਅਕਤੂਬਰ, 2002 ਤੋਂ 01 ਅਪ੍ਰੈਲ, 2006 (ਦੋਵੇਂ ਮਿਤੀਆਂ ਸਣੇ) ਦਰਮਿਆਨ ਪੈਦਾ ਹੋਏ ਸਾਰੇ ਅਣਵਿਆਹੇ ਯੋਗ ਪੁਰਸ਼/ਮਹਿਲਾ ਉਮੀਦਵਾਰ ਅਗਨੀਵੀਰ (ਜਨਰਲ ਡਿਊਟੀ, ਅਗਨੀਵੀਰ ਟ੍ਰੇਡਸਮੈਨ (8ਵੀਂ ਅਤੇ 10ਵੀਂ ਪਾਸ), ਅਗਨੀਵੀਰ ਕਲਰਕ/ਸਟੋਰਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ (ਸਾਰਿਆਂ ਵਿੱਚ), ਅਗਨੀਵੀਰ ਜਨਰਲ ਡਿਊਟੀ (ਮਹਿਲਾ ਮਿਲਟਰੀ ਪੁਲਿਸ) ਵਰਗਾਂ ਲਈ ਅਰਜ਼ੀ ਦੇ ਸਕਦੇ ਹਨ। ਯੋਗ ਪੁਰਸ਼ ਉਮੀਦਵਾਰਾਂ ਤੋਂ ਸਿਪਾਹੀ ਟੈਕਨੀਕਲ (ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ ਵੈਟਰਨਰੀ) ਅਤੇ ਸਿਪਾਹੀ ਫਾਰਮਾ ਸ਼੍ਰੇਣੀਆਂ ਲਈ ਵੀ ਬਿਨੈ ਪੱਤਰ ਮੰਗੇ ਜਾ ਰਹੇ ਹਨ।
ਭਾਰਤੀ ਫੌਜ ਭਰਤੀ ਦਫ਼ਤਰ ਵੱਲੋਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਭਾਰਤੀ ਫ਼ੌਜ ਵਿੱਚ ਭਰਤੀ ਲਈ ਪੂਰੀ ਪ੍ਰਕਿਰਿਆ ਵਿੱਚ ਇਸ ਸਾਲ ਤੋਂ ਬਦਲਾਅ ਕੀਤਾ ਗਿਆ ਹੈ। ਇਹ ਭਰਤੀ ਪ੍ਰਕਿਰਿਆ ਹੁਣ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ਵਿੱਚ ਇੱਕ ਬਹੁ-ਚੋਣ ਪ੍ਰਸ਼ਨਾਵਲੀ ਦੇ ਫਾਰਮੈਟ ਵਿੱਚ ਇੱਕ ਔਨਲਾਈਨ ਲਿਖਤੀ ਪ੍ਰੀਖਿਆ ਨਾਲ ਸ਼ੁਰੂ ਹੋਵੇਗੀ। ਔਨਲਾਈਨ ਪ੍ਰੀਖਿਆਵਾਂ 17 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਸਾਰੇ ਸਫਲ ਉਮੀਦਵਾਰਾਂ ਦੀ ਸਰੀਰਕ ਭਰਤੀ ਰੈਲੀ ਪਹਿਲਾਂ ਵਾਂਗ ਹੀ ਹੋਵੇਗੀ। ਰੈਲੀ ਦੇ ਸਥਾਨ ਅਤੇ ਮਿਤੀ ਦੇ ਵੇਰਵਿਆਂ ਦਾ ਐਲਾਨ ਵੱਖਰੇ ਤੌਰ `ਤੇ ਕੀਤਾ ਜਾਵੇਗਾ।