ਗੁਰਦਾਸਪੁਰ

ਡਿਪਟੀ ਕਮਿਸ਼ਨਰ ਵੱਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੰਮ ਦੇ ਅਧਾਰ ’ਤੇ ਦਰਜ਼ਾਬੰਦੀ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਵੱਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੰਮ ਦੇ ਅਧਾਰ ’ਤੇ ਦਰਜ਼ਾਬੰਦੀ ਕਰਨ ਦੀਆਂ ਹਦਾਇਤਾਂ
  • PublishedFebruary 21, 2023

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ

ਗੁਰਦਾਸਪੁਰ, 21 ਫਰਵਰੀ (ਮੰਨਣ ਸੈਣੀ ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੰਮ ਦੇ ਅਧਾਰ ’ਤੇ ਬੀ.ਡੀ.ਪੀ.ਓਜ਼, ਪੰਚਾਇਤ ਸਕੱਤਰਾਂ, ਗ੍ਰਾਂਮ ਸੇਵਕਾਂ ਅਤੇ ਗ੍ਰਾਮ ਰੋਜ਼ਗਾਰ ਸਹਾਇਕਾਂ ਦੀ ਦਰਜ਼ਾਬੰਦੀ (ਰੈਂਕਿੰਗ) ਕੀਤੀ ਜਾਵੇ ਅਤੇ ਜਿਹੜੇ ਅਧਿਕਾਰੀ ਤੇ ਕਰਮਚਾਰੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ।

ਅੱਜ ਸਥਾਨਕ ਪੰਚਾਇਤ ਭਵਨ ਵਿਖੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਪੇਂਡੂ ਖੇਤਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਰੀਵਿਊ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕੰਮ ਦੇ ਅਧਾਰ ’ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਦਰਜ਼ਾਬੰਦੀ ਜਿਥੇ ਉਨ੍ਹਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰੇਗੀ ਓਥੇ ਵਿਕਾਸ ਕਾਰਜਾਂ ਵਿੱਚ ਵੀ ਤੇਜ਼ੀ ਆਵੇਗੀ ਜਿਸਦਾ ਸਿੱਧਾ ਲਾਭ ਪੇਂਡੂ ਵੱਸੋਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵਤਾ ਵਿੱਚ ਕਿਸੇ ਤਰਾਂ ਦੀ ਊਣਤਾਈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਬੀ.ਡੀ.ਪੀ.ਓਜ਼ ਨਿੱਜੀ ਤੌਰ ’ਤੇ ਚੱਲ ਰਹੇ ਕੰਮਾਂ ਨੂੰ ਖੁਦ ਆਪਣੀ ਨਿਗਰਾਨੀ ਵਿੱਚ ਨਿਰਧਾਰਤ ਸਮੇਂ ਅੰਦਰ ਪੂਰਾ ਕਰਵਾਉਣ ਅਤੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਵੀ ਬਿਨ੍ਹਾਂ ਕਿਸੇ ਦੇਰੀ ਜਮ੍ਹਾਂ ਕਰਵਾਏ ਜਾਣ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਿੰਡਾਂ ਵਿੱਚ ਬਣਾਏ ਜਾ ਰਹੇ ਖੇਡ ਮੈਦਾਨਾਂ, ਸਾਂਝੇ ਜਲ ਤਲਾਬਾਂ, ਪਾਰਕਾਂ, ਪਿੰਡਾਂ ਦੇ ਹੋਰ ਵਿਕਾਸ ਕਾਰਜਾਂ ਅਤੇ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਪਾਰਕਾਂ ਬਣਾਈਆਂ ਗਈਆਂ ਹਨ ਉਨ੍ਹਾਂ ਵਿੱਚ ਫੁੱਲ-ਬੂਟੇ ਲਗਾਏ ਜਾਣ, ਉਨ੍ਹਾਂ ਦੀ ਪੂਰੀ ਦੇਖ-ਰੇਖ ਕੀਤੀ ਜਾਵੇ ਅਤੇ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਇਹ ਪਾਰਕਾਂ ਪਿੰਡਾਂ ਦੇ ਵਸਨੀਕਾਂ ਲਈ ਸੈਰ ਕਰਨ ਦਾ ਮਨਪਸੰਦ ਸਥਾਨ ਬਣ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਥਾਪਰ ਮਾਡਲ ਤਹਿਤ ਬਣਾਏ ਗਏ ਛੱਪੜ ਪੂਰੀ ਤਰਾਂ ਕੰਮ ਕਰਦੇ ਹੋਣੇ ਚਾਹੀਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਪਿੰਡਾਂ ਦੇ ਛੱਪੜਾਂ ਅਤੇ ਸਾਂਝੇ ਜਲ ਤਲਾਬਾਂ ਵਿੱਚ ਮੱਛੀ ਪਾਲਣ ਵਿਭਾਗ ਦੇ ਸਹਿਯੋਗ ਨਾਲ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਵੀ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੇਂਡੂ ਔਰਤਾਂ ਨੂੰ ਆਰਥਿਕ ਤੌਰ ’ਤੇ ਨਿਰਭਰ ਬਣਾਉਣ ਲਈ ਵੱਧ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਵੱਲੋਂ ਬਣਾਏ ਸਮਾਨ ਨੂੰ ਵੇਚਣ ਵਿੱਚ ਸਹਿਯੋਗ ਕੀਤਾ ਜਾਵੇ ਅਤੇ ਗੁਰਦਾਸਪੁਰ ਵਿਖੇ ਚੱਲ ਰਹੇ ਅਬਾਦ ਹੁਨਰ ਹੱਟ ਵਿੱਚ ਵੀ ਅਜਿਹੇ ਸਮਾਨ ਨੂੰ ਵੇਚਣ ਲਈ ਰੱਖਿਆ ਜਾਵੇ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਜਿੰਦਰਪਾਲ ਸਿੰਘ, ਜ਼ਿਲ੍ਹਾ ਅੰਕੜਾ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਅਤੇ ਸਮੂਹ ਬੀ.ਡੀ.ਪੀ.ਓਜ਼ ਮੌਜੂਦ ਸਨ।

Written By
The Punjab Wire