ਗੁਰਦਾਸਪੁਰ ਪੰਜਾਬ

ਸ਼ੀਸ਼ ਮਹਿਲ ‘ਚ ਦਿਸੇਗੀ ਮਿੰਨੀ ਭਾਰਤ ਦੀ ਝਲਕ ; ਰੰਗਲਾ ਪੰਜਾਬ ਕਰਾਫ਼ਟ ਮੇਲਾ 25 ਤੋਂ

ਸ਼ੀਸ਼ ਮਹਿਲ ‘ਚ ਦਿਸੇਗੀ ਮਿੰਨੀ ਭਾਰਤ ਦੀ ਝਲਕ ; ਰੰਗਲਾ ਪੰਜਾਬ ਕਰਾਫ਼ਟ ਮੇਲਾ 25 ਤੋਂ
  • PublishedFebruary 21, 2023

ਸ਼ੀਸ਼ ਮਹਿਲ ਦੇਸ਼-ਵਿਦੇਸ਼ ਦੇ ਕਾਰੀਗਰਾਂ ਅਤੇ ਕਲਾਕਾਰਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ : ਡਿਪਟੀ ਕਮਿਸ਼ਨਰ

5 ਮਾਰਚ ਤੱਕ ਪਟਿਆਲਾ ‘ਚ ਲੱਗਣਗੀਆਂ ਰੌਣਕਾਂ, ਵੱਖ ਵੱਖ ਸੂਬਿਆਂ ਦਾ ਸਭਿਆਚਾਰ ਤੇ ਦੇਸ਼-ਵਿਦੇਸ਼ ਦੀਆਂ ਦਸਤਕਾਰੀ ਵਸਤਾਂ ਰਹਿਣਗੀਆਂ ਖਿੱਚ ਦਾ ਕੇਂਦਰ

ਡਿਪਟੀ ਕਮਿਸ਼ਨਰ ਵੱਲੋਂ ਰੰਗਲਾ ਪੰਜਾਬ ਕਰਾਫ਼ਟ ਮੇਲੇ ‘ਚ ਹੁੰਮ-ਹੁਮਾ ਕੇ ਪੁੱਜਣ ਦਾ ਖੁੱਲਾ ਸੱਦਾ

ਸ਼ੀਸ਼ ਮਹਿਲ ਤੇ ਮੈਡਲ ਗੈਲਰੀ ਵੀ ਜਲਦੀ ਹੀ ਲੋਕਾਂ ਨੂੰ ਕੀਤੀ ਜਾਵੇਗੀ ਸਮਰਪਿਤ : ਸਾਕਸ਼ੀ ਸਾਹਨੀ

ਦੇਸ਼ ਦੇ ਵੱਖ ਵੱਖ ਰਾਜਾਂ ਦੇ 125 ਕਲਾਕਾਰਾਂ ਵੱਲੋਂ ਹੋਵੇਗੀ ਵੱਖ-ਵੱਖ ਕਲਾਵਾਂ ਤੇ ਲੋਕ ਨਾਚਾਂ ਦੀ ਪੇਸ਼ਕਾਰੀ

110 ਤੋਂ ਵਧੇਰੇ ਸ਼ਿਲਪਕਾਰਾਂ ਦੀਆਂ ਬਣਾਈਆਂ ਦਸਤਕਾਰੀ ਵਸਤਾਂ ਬਣਨਗੀਆਂ ਖਿੱਚ ਦਾ ਕੇਂਦਰ

ਘੋੜਿਆਂ ਦੇ ਕਰਤੱਬ, ਟ੍ਰੈਜ਼ਰ ਹੰਟ ਤੇ ਸ਼ਾਸਤਰੀ ਸੰਗੀਤ ਸ਼ਾਮ ਰਾਹੀਂ ਵੀ ਹੋਵੇਗਾ ਮਨੋਰੰਜਨ

ਪਟਿਆਲਾ, 21 ਫਰਵਰੀ 2023 (ਦੀ ਪੰਜਾਬ ਵਾਇਰ)। ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਪਟਿਆਲਾ ਇੱਕ ਵਾਰ ਫੇਰ ਦੇਸ਼ ਤੇ ਵਿਦੇਸ਼ ਦੇ ਕਾਰੀਗਰਾਂ ਤੇ ਕਲਾਕਾਰਾਂ ਦੀ ਮੇਜ਼ਬਾਨੀ ਕਰਨ ਲਈ ਸ਼ੀਸ਼ ਮਹਿਲ ਵਿਖੇ ਪੂਰੀ ਤਰ੍ਹਾਂ ਤਿਆਰ ਹੈ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਸ਼ੀਸ਼ ਮਹਿਲ ਵਿਖੇ ਪੱਤਰਕਾਰਾਂ ਨਾਲ ‘ਰੰਗਲਾ ਪੰਜਾਬ ਕਰਾਫ਼ਟ’ ਮੇਲੇ ਸਬੰਧੀ ਰੱਖੀ ਪ੍ਰੈਸ ਮਿਲਣੀ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਪੇਂਡੂ ਵਿਕਾਸ) ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਸੰਜੀਵ ਕੁਮਾਰ ਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਵੀ ਮੌਜੂਦ ਸਨ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੋਕਾਂ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਕਰਵਾਏ ਜਾ ਰਹੇ ਇਸ ਮੇਲੇ ‘ਚ ਦੇਸ਼ ਦੇ ਵੱਖ ਵੱਖ ਰਾਜਾਂ ਦੇ ਸੱਭਿਆਚਾਰ, ਕਲਾ ਤੇ ਦਸਤਕਾਰੀ ਹੁਨਰ ਸਮੇਤ ਵਿਦੇਸ਼ੀ ਮਹਿਮਾਨਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਇਸ ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿੱਚ ਖਿੱਚ ਦਾ ਕੇਂਦਰ ਹੋਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਰੰਗਲਾ ਪੰਜਾਬ ਸੰਕਲਪ ਤਹਿਤ ਪਹਿਲੀ ਵਾਰ ਰੰਗਲਾ ਪੰਜਾਬ ਦੇ ਨਾਮ ਹੇਠ ਕਰਵਾਏ ਜਾ ਰਹੇ ਇਸ ਕਰਾਫ਼ਟ ਮੇਲੇ ‘ਚ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ ਤੇ ਇਸ ਹਿਸਾਬ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 25 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੌਰਾਨ ਜਿਥੇ ਸ਼ੀਸ਼ ਮਹਿਲ ਵਿਖੇ ਰੌਣਕਾਂ ਲੱਗਣੀਆਂ, ਉਥੇ ਹੀ 25 ਤੇ 26 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਘੋੜਿਆਂ ਦੇ ਕਰਤੱਬ ਕਰਵਾਏ ਜਾਣਗੇ ਤੇ 26 ਫਰਵਰੀ ਨੂੰ ਟ੍ਰੈਜ਼ਰ ਹੰਟ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 2 ਤੋਂ 4 ਮਾਰਚ ਨੂੰ ਕਿਲਾ ਮੁਬਾਰਕ ਵਿਖੇ ਸ਼ਾਮ 6 ਵਜੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਹੋਣਗੇ, ਜਿਸ ਵਿਚ 2 ਮਾਰਚ ਨੂੰ ਉਸਤਾਦ ਵਾਸੀਫੂਦੀਨ ਡਾਂਗਰ ਤੇ ਉਸਤਾਦ ਸੁਜਾਤ ਖਾਨ ਪੇਸ਼ਕਾਰੀ ਦੇਣਗੇ, 3 ਮਾਰਚ ਨੂੰ ਪੰਡਿਤ ਬਿਸਵਾਜੀਤ ਰਾਏ ਚੌਧਰੀ ਤੇ ਪੰਡਿਤ ਸਾਜਨ ਮਿਸ਼ਰਾ ਪੇਸ਼ਕਾਰੀ ਦੇਣਗੇ ਜਦਕਿ 4 ਮਾਰਚ ਨੂੰ ਪ੍ਰੋ. ਨਵੇਦਿਤਾ ਸਿੰਘ, ਉਸਤਾਦ ਜਾਵੇਦ ਅਲੀ ਖਾਨ ਤੇ ਮਨਜਰੀ ਚਤੁਰਵੇਦੀ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿੱਚ ਸ਼ੀਸ਼ ਮਹਿਲ ਵਿਖੇ ਦਰਸ਼ਕਾਂ ਲਈ 26 ਫਰਵਰੀ ਨੂੰ ਮਸ਼ਹੂਰ ਗਾਇਕਾਂ ਅੰਮ੍ਰਿਤ ਮਾਨ ਅਤੇ 5 ਮਾਰਚ ਨੂੰ ਮਾਸਟਰ ਸਲੀਮ ਵਲੋਂ ਆਪਣੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਜਦਕਿ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਦਰਜਨ ਤੋਂ ਵੱਧ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ 125 ਦੇ ਕਰੀਬ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ। ਇਸ ਤੋਂ ਬਿਨ੍ਹਾਂ ਦੇਸ਼ ਭਰ ਤੋਂ ਪੁੱਜਣ ਵਾਲੇ 110 ਤੋਂ ਵੱਧ ਸ਼ਿਲਪਕਾਰਾਂ ਦੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੇ ਖਰੀਦਣ ਲਈ ਲਗਭਗ 110 ਸਟਾਲਾਂ ‘ਤੇ ਸਜਾਈਆਂ ਜਾਣਗੀਆਂ ਅਤੇ ਅਫਗਾਨਿਸਤਾਨ, ਥਾਈਲੈਂਡ ਅਤੇ ਦੱਖਣੀ ਅਫਰੀਕਾ ਦੇ ਦਸਤਕਾਰਾਂ ਵੱਲੋਂ ਵੀ ਆਪਣੀਆਂ ਸਟਾਲਾਂ ਲਗਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਰੰਗਲਾ ਪੰਜਾਬ ਕਰਾਫਟ ਮੇਲੇ ਦੌਰਾਨ ਧਾਤਾਂ ‘ਤੇ ਹੋਇਆ ਦਸਤਕਾਰੀ ਦਾ ਕੰਮ, ਚਿੱਤਰਕਾਰੀ, ਪੱਥਰ ਤੇ ਮੀਨਾਕਾਰੀ ਨਾਲ ਲਬਰੇਜ਼ ਪੁਰਾਤਨ ਗਹਿਣੇ, ਕੱਪੜਿਆਂ ‘ਚ ਚਿਕਨਕਾਰੀ, ਗੁਜਰਾਤੀ ਕਢਾਈ, ਸ਼ੀਸ਼ੇ ਦਾ ਕੰਮ, ਬਲਾਕ ਪ੍ਰਿੰਟਿੰਗ, ਕਲਾਕਾਰੀ, ਜ਼ਰੀ, ਸੋਜਨੀ ਅਨੇਕਾ ਕਿਸਮਾਂ ਦੇ ਹੋਰ ਸ਼ਾਨਦਾਰ ਕੱਪੜੇ ਵਿਕਣ ਲਈ ਸਜਾਏ ਜਾਣਗੇ। ਇਸ ਤੋਂ ਬਿਨ੍ਹਾਂ ਮਿੱਟੀ ਦੇ ਬਰਤਨਾਂ ਵਿਚ ਜੈਪੁਰ ਪੋਟਰੀ, ਟੈਰਾਕੋਟਾ, ਸੈਰਾਮਿਕ, ਬਲੈਕ ਪੋਟਰੀ, ਪੇਟਿੰਗ ਨਾਲ ਸਜੇ ਭਾਂਡੇ, ਪਟਚਿੱਤਰ, ਬਸੋਲੀ ਅਤੇ ਹੋਰ ਅਣਗਿਣਤ ਕਿਸਮਾਂ ਵੀ ਉਪਲਬੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਉੱਤਰ ਖੇਤਰੀ ਸਭਿਆਚਾਰਕ ਵੱਲੋਂ ਪੰਜਾਬ ਦੇ ਬਾਜੀਗਰ ਤੇ ਨਚਾਰ, ਹਰਿਆਣਾ ਦੇ ਬੀਨ ਯੋਗੀ, ਰਾਜਸਥਾਨ ਦੀ ਕੱਚੀ ਘੋੜੀ, ਬਹਿਰੂਪੀਏ ਸਮੇਤ ਹੋਰ ਵੰਨਗੀਆਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਦਰਸ਼ਕਾਂ ਦੇ ਖਾਣ ਪੀਣ ਲਈ ਲਜੀਜ਼ ਪਕਵਾਨਾਂ ਦੀਆਂ 20 ਸਟਾਲਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਤੇ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਮੇਲੇ ‘ਚ ਈ-ਰਿਕਸ਼ਾ ਦੀ ਸਹੂਲਤ ਵੀ ਚਲਾਈ ਜਾਵੇਗੀ। ਇਸ ਤੋਂ ਇਲਾਵਾ ਏ.ਟੀ.ਐਮ., ਪਾਰਕਿੰਗ, ਮੈਡੀਕਲ ਸਹੂਲਤ ਤੋਂ ਇਲਾਵਾ ਲੋਕਾਂ ਦੀ ਸਹਾਇਤਾ ਲਈ ਵਲੰਟੀਅਰ ਵੀ ਲਗਾਏ ਗਏ ਹਨ। ਕਰਾਫਟ ਮੇਲੇ ਦੌਰਾਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਰਾਫ਼ਟ ਮੇਲੇ ‘ਚ ਆਮ ਲੋਕਾਂ ਦੀ ਖਰੀਦਦਾਰੀ ਲਈ ਦਸਤਕਾਰੀ ਤੇ ਸ਼ਿਲਪ ਕਲਾ ਨਾਲ ਸਬੰਧਤ ਵਸਤਾਂ ਉਪਲਬੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਮੇਲੇ ਦੀ ਟਿਕਟ 20 ਰੁਪਏ ਰੱਖੀ ਗਈ ਹੈ ਅਤੇ ਦਰਸ਼ਕ ਆਨਲਾਈਨ ਵੈਬਸਾਇਟ ‘ਕਰਾਫਟਮੇਲਾ ਡਾਟ ਮਾਈਗੈਟਪੇ ਡਾਟ ਕਾਮ’ ਤੋਂ ਵੀ ਖਰੀਦ ਸਕਣਗੇ। ਉਨ੍ਹਾਂ ਪਟਿਆਲਵੀਆਂ ਸਮੇਤ ਪੰਜਾਬ ਵਾਸੀਆਂ ਨੂੰ ਇਸ ‘ਰੰਗਲਾ ਪੰਜਾਬ ਕਰਾਫ਼ਟ ਮੇਲੇ’ ਵਿੱਚ ਹੁਮ ਹੁੰਮਾ ਕੇ ਪੁੱਜਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਪਰਿਵਾਰਾਂ ਸਮੇਤ ਇਸ ਮੇਲੇ ‘ਚ ਪੁੱਜਕੇ ਵੱਖ ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਦੀ ਪੇਸ਼ਕਾਰੀ ਦਾ ਅਨੰਦ ਮਾਣਨ ਸਮੇਤ ਦਸਤਕਾਰਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦੋ ਫਰੋਖਤ ਕਰਕੇ ਇਨ੍ਹਾਂ ਦੀਆਂ ਵਸਤਾਂ ਨੂੰ ਆਪਣੇ ਘਰਾਂ ਦਾ ਸਿੰਗਾਰ ਜ਼ਰੂਰ ਬਣਾਇਆ ਜਾਵੇ।

ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਈ ਸਾਲਾਂ ਤੋਂ ਬੰਦ ਪਏ ਸ਼ੀਸ਼ ਮਹਿਲ ਤੇ ਮੈਡਲ ਗੈਲਰੀ ਨੂੰ ਜਲਦੀ ਹੀ ਖੋਲ੍ਹਿਆ ਜਾਵੇਗਾ ਤਾਂ ਜੋ ਸ਼ੀਸ਼ ਮਹਿਲ ਵਿਖੇ ਪਈਆਂ ਦੁਰਲਭ ਵਸਤਾਂ ਨੂੰ ਆਮ ਲੋਕ ਦੇਖ ਸਕਣ। ਉਨ੍ਹਾਂ ਕਿਹਾ ਕਿ ਸ਼ੀਸ਼ ਮਹਿਲ ਦੀ ਮੁਰੰਮਤ ਦਾ ਬਹੁਤਾ ਕੰਮ ਹੋ ਚੁੱਕਾ ਹੈ ਤੇ ਰਹਿੰਦਾ ਕੰਮ ਵੀ ਤੇਜੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ੀਸ਼ ਮਹਿਲ ਲੋਕਾਂ ਦੇ ਦੇਖਣ ਲਈ ਖੋਲ੍ਹਿਆ ਜਾਵੇਗਾ। ਇਸ ਉਪਰੰਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ੀਸ਼ ਮਹਿਲ ਵਿਖੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

Written By
The Punjab Wire