ਮੌਸਮੀ ਬਦਲਾਅ ਕਾਰਨ ਵਧ ਰਹੇ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣ ਲਈ ਫਸਲਾਂ ਦਾ ਨਿਰੰਤਰ ਨਿਰੀਖਣ ਜ਼ਰੂਰੀ : ਜ਼ਿਲ੍ਹਾ ਸਿਖਲਾਈ ਅਫਸਰ
ਜ਼ਿਲ੍ਹਾ ਕਿਸਾਨ ਸਿਖਲਾਈ ਕੇਂਦਰ ਵੱਲੋਂ ਕਿਸਾਨਾਂ ਨੂੰ ਵਧ ਰਹੇ ਤਾਪਮਾਨ ਦੇ ਫਸਲਾਂ ਉਪਰ ਪੈਣ ਵਾਲੇ ਪ੍ਰਭਾਵ ਅਤੇ ਬਚਾਅ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ
ਗੁਰਦਾਸਪੁਰ, 13 ਫਰਵਰੀ (ਮੰਨਣ ਸੈੈਣੀ ) – ਵਿਸ਼ਵ ਪੱਧਰ ਤੇ ਮੌਸਮੀ ਤਬਦੀਲੀਆਂ ਕਾਰਨ ਵਧ ਰਹੇ ਤਾਪਮਾਨ ਦਾ ਪ੍ਰਭਾਵ ਹਾੜੀ ਦੀਆਂ ਫਸਲਾਂ ਦੀ ਪੈਦਾਵਾਰ ਤੇ ਪੈ ਸਕਦਾ ਹੈ ਜਿਸ ਤੋਂ ਬਚਾਅ ਕਰਨ ਲਈ ਫਸਲਾਂ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ।ਇਹ ਵਿਚਾਰ ਡਾ.ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫਸਰ ਨੇ ਬਲਾਕ ਕਾਦੀਆਂ ਦੇ ਪਿੰਡ ਰਜ਼ਾਦਾ ਵਿੱਚ ਕਿਸਾਨਾਂ ਨੂੰ ਵਧ ਰਹੇ ਤਾਪਮਾਨ ਦੇ ਫਸਲਾਂ ਉੱਪਰ ਪੈਣ ਵਾਲੇ ਪ੍ਰਭਾਵ ਅਤੇ ਬਚਾਅ ਬਾਰੇ ਜਾਗਰੁਕ ਕਰਦਿਆਂ ਕਹੇ।ਇਸ ਮੌਕੇ ਡਾ, ਨਰੇਸ਼ ਕੁਮਾਰ ਗੁਲਾਟੀ ਜ਼ਿਲਾ ਸਿਖਲਾਈ ਅਫਸਰ ਕਪੂਰਥਲਾ, ਡਾ.ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ(ਸਿਖਲਾਈ),ਡਾ ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਕਾਦੀਆਂ,ਕੁਲਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਹਰਦਿਆਂਲ ਸਿੰਘ,ਤਰਲੋਕ ਸਿੰਘ,ਭੁਪਿੰਦਰ ਸਿੰਘ,ਕੰਵਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਵਧ ਰਹੇ ਉਦਯੋਗੀਕਰਨ,ਟਰਾਂਸਪੋਰਟ ਨਾਲ ਪੈਦਾ ਹੁੰਦੇ ਧੂੰਏਂ ਦੇ ਨਿਕਾਸ, ਸ਼ਹਿਰੀਕਰਣ, ਜੰਗਲਾਂ ਦੀ ਅੰਨੇਵਾਹ ਕਟਾਈ, ਫਸਲਾਂ ਦੀ ਰਹਿੰਦਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੁੰਦੀ ਜ਼ਹਿਰੀਲੀਆਂ ਗੈਸਾਂ ਅਤੇ ਕੱਦੂ ਵਾਲੇ ਝੋਨੇ ਨਾਲ ਪੈਦਾ ਹੁੰਦੀ ਮੀਥੇਨ ਗੈਸ ਕਾਰਨ ਆਲਮੀ ਤਪਸ਼ ਵਿੱਚ ਵਾਧਾ ਹੋ ਰਿਹਾ ਹੈ ਜੋ ਤਾਪਮਾਨ ਵਿੱਚ ਆਮ ਨਾਲੋਂ ਵਾਧੇ ਦਾ ਕਾਰਨ ਬਣ ਰਿਹਾ ਹੈ।ਉਨਾਂ ਕਿਹਾ ਕਿ ਵਧ ਰਹੇ ਤਾਪਮਾਨ ਕਾਰਨ ਸਿਰਫ ਫਸਲਾਂ ਦੀ ਪੈਦਾਵਾਰ ਹੀ ਨਹੀਂ ਪ੍ਰਭਾਵਤ ਹੋ ਰਹੀ ਸਗੋਂ ਮਨੁੱਖੀ ਅਤੇ ਪਸ਼ੂ ਸਿਹਤ ਵੀ ਪ੍ਰਭਾਵਤ ਹੋ ਰਹੀ ਹੈ।ਉਨਾਂ ਕਿਹਾ ਕਿ ਫਰਵਰੀ ਮਾਰਚ ਮਹੀਨੇ ਦੌਰਾਨ ਵਧ ਰਹੇ ਤਾਪਮਾਨ ਦਾ ਅਸਰ ਪਿਛਲੇ ਸਾਲ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲਿਆ ਸੀ ਜਿਸ ਕਾਰਨ ਕਣਕ ਦੀ ਪੈਦਾਵਾਰ ਪ੍ਰਤੀ ਹੈਕਟੇਅਰ ਸਾਲ 2021 ਦੇ 4868 ਕਿਲੋਗ੍ਰਾਮ ਤੋਂ ਘਟ ਕੇ ਸਾਲ 2022 ਦੌਰਾਨ 4216 ਕਿਲੋਗ੍ਰਾਮ ਰਹਿ ਗਿਆ, ਜਿਸ ਕਾਰਨ ਕਿਸਾਨਾਂ ਨੂੰ ਵੱਡੇ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਿਆ।
ਉਨਾਂ ਕਿਹਾ ਕਿ ਸਾਲ 2022 ਦੌਰਾਨ ਮੌਸਮੀ ਬਦਲਾਅ ਦਾ ਅਸਰ ਪੰਜਾਬ ਖਾਸ ਕਰਕੇ ਨੀਮ ਪਹਾੜੀ ਜ਼ਿਲਿਆਂ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਹਿਬਜ਼ਾਦਾ ਅਜੀਤ ਨਗਰ ਵਿੱਚ ਝੋਨੇ ਦੀ ਫਸਲ ਉੱਪਰ ਸਦਰਨ ਰਾਈਸ ਬਲੈਕ ਸਟਰੀਕ ਡਵਾਰਫ ਵਾਇਰਸ ਬਿਮਾਰੀ (ਝੋਨੇ ਦੇ ਮਧਰੇ ਬੂਟਿਆਂ ਦੀ ਬਿਮਾਰੀ) ਦੇ ਹੋਏ ਹਮਲੇ ਦੇ ਰੂਪ ਵਿੱਚ ਵੀ ਦੇਖਣ ਨੂੰ ਮਿਲਿਆ ਜਿਸ ਨਾਲ ਝੋਨੇ ਦੀਆਂ ਵੱਖ ਵੱਖ ਕਿਸਮਾਂ ਖਾਸ ਕਰਕੇ ਪੀ ਆਰ 121 ਉੱਪਰ ਬਹੁਤ ਬੁਰਾ ਪ੍ਰਭਾਵ ਪਿਆ ।ਉਨਾਂ ਕਿਹਾ ਕਿ ਮੌਜੁਦਾ ਸਮੇਂ ਵਿੱਚ ਵੀ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਚੱਲ ਰਿਹਾ ਹੈ।ਉਨਾਂ ਕਿਹਾ ਕਿ ਜੇਕਰ ਦਿਨ ਦਾ ਤਾਪਮਾਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਾੜੀ ਦੀਆਂ ਫਸਲਾਂ ਖਾਸ ਕਰਕੇ ਕਣਕ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ।ਉਨਾਂ ਕਿਹਾ ਕਿ ਵਧ ਰਹੇ ਤਾਪਮਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਜ਼ਰੂਰੀ ਹੈ ਫਸਲਾਂ ਦਾ ਨਿਰੰਤਰ ਨਿਰੀਖਣ ਕਰਦੇ ਰਹੀਏ।ਉਨਾਂ ਕਿਹਾ ਕਿ ਇਸ ਪ੍ਰਭਾਵ ਨੂੰ ਘਟਾਉਣ ਲਈ ਜ਼ਰੂਰਤ ਅਨੁਸਾਰ ਫਸਲਾਂ ਖਾਸ ਕਰਕੇ ਕਣਕ ਦੀ ਫਸਲ ਨੂੰ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਕਣਕ ਦੀ ਫਸਲ ਉੱਪਰ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ (13:0:45 ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਦੋ ਵਾਰ ਛਿੜਕਾਅ ਕਰ ਦੇਣਾ ਚਾਹੀਦਾ ਹੈ ।ਉਨਾਂ ਕਿਹਾ ਕਿ ਪਹਿਲਾ ਛਿੜਕਾਅ ਫਸਲ ਦੇ ਗੱਭ ਦੀ ਹਾਲਤ ਵਿੱਚ ਆਉਣ ਅਤੇ ਦੂਜਾ ਛਿੜਕਾਅ ਬੂਰ ਪੈਣ ਸਮੇਂ ਕਰ ਦੇਣਾ ਚਾਹੀਦਾ ਹੈ ਜਾਂ 15 ਗ੍ਰਾਮ ਸੈਲੀਸਲਿਕ ਐਸਿਡ ਪ੍ਰਤੀ ਏਕੜ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲ ਕੇ 200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ ਹੈ।