ਗੁਰਦਾਸਪੁਰ

50 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਹੋਈ ਪੰਚਾਇਤ ਭਵਨ ਦੀ ਇਮਾਰਤ ਦਾ ਪੰਚਾਇਤ ਮੰਤਰੀ ਸ. ਧਾਲੀਵਾਲ ਨੇ ਕੀਤਾ ਉਦਘਾਟਨ

50 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਹੋਈ ਪੰਚਾਇਤ ਭਵਨ ਦੀ ਇਮਾਰਤ ਦਾ ਪੰਚਾਇਤ ਮੰਤਰੀ ਸ. ਧਾਲੀਵਾਲ ਨੇ ਕੀਤਾ ਉਦਘਾਟਨ
  • PublishedFebruary 12, 2023

ਸੈਲਫ ਹੈਲਪ ਗੁਰੱਪਾਂ ਨੂੰ 20 ਈ-ਰਿਕਸ਼ਾ ਅਤੇ 72 ਲੱਖ ਰੁਪਏ ਰਿਵਾਲਵਿੰਗ ਫੰਡ ਦਿੱਤਾ

ਗਰੀਬ ਤੇ ਲੋੜਵੰਦ ਔਤਰਾਂ ਨੂੰ 300 ਸਿਲਾਈ ਮਸ਼ੀਨਾਂ ਤਕਸੀਮ ਕੀਤੀਆਂ

ਗੁਰਦਾਸਪੁਰ, 12 ਫਰਵਰੀ (ਮੰਨਣ ਸੈਣੀ) । ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀਤੀ ਸ਼ਾਮ ਗੁਰਦਾਸਪੁਰ ਵਿਖੇ ਪੰਚਾਇਤ ਭਵਨ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਪੰਚਾਇਤ ਵਿਭਾਗ ਵੱਲੋਂ ਗੁਰਦਾਸਪੁਰ ਵਿਖੇ ਸਥਿਤ ਪੰਚਾਇਤ ਭਵਨ ਦੀ ਮੁਰੰਮਤ (ਰੈਨੋਵੇਸ਼ਨ) ਉੱਪਰ 50 ਲੱਖ ਰੁਪਏ ਖਰਚ ਕੀਤੇ ਗਏ ਹਨ ਜਿਸ ਨਾਲ ਪੰਚਾਇਤ ਭਵਨ ਦੇ ਮੀਟਿੰਗ ਹਾਲ ਅੰਦਰ ਸਾਰੀ ਸੀਲਿੰਗ, ਨਵਾਂ ਸਾਊਂਡ ਸਿਸਟਮ, ਐੱਲ.ਈ.ਡੀ. ਸਕਰੀਨਾਂ ਲਗਾਈਆਂ ਗਈਆਂ। ਇਸਦੇ ਨਾਲ ਹੀ ਸਾਰੇ ਪੰਚਾਇਤ ਭਵਨ ਦੀ ਨਵੀਂ ਫਲੋਰਿੰਗ ਕਰਨ ਦੇ ਨਾਲ ਕਮਰਿਆਂ ਦੀ ਮੁਰੰਮਤ ਵੀ ਕੀਤੀ ਗਈ ਹੈ।

ਪੰਚਾਇਤ ਭਵਨ ਦੀ ਇਮਾਰਤ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਈ ਦਹਾਕੇ ਪਹਿਲਾਂ ਬਣੀ ਇਹ ਇਮਾਰਤ ਖਸਤਾ ਹੋ ਗਈ ਸੀ ਜਿਸਦੀ ਮੁਰੰਮਤ ਲਈ ਹੁਣ ਪੰਚਾਇਤ ਵਿਭਾਗ ਵੱਲੋਂ 50 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਭਵਨ ਦੇ ਮੀਟਿੰਗ ਹਾਲ ਸਮੇਤ ਇਸਦੇ ਕਮਰਿਆਂ ਨੂੰ ਨਵੀਂ ਦਿੱਖ ਦੇਣ ਦੇ ਨਾਲ ਇਸ ਵਿੱਚ ਲੋੜੀਂਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁਰੰਮਤ ਹੋਣ ਤੋਂ ਬਾਅਦ ਪੰਚਾਇਤ ਭਵਨ ਦੀ ਇਮਰਾਤ ਬਿਲਕੁਲ ਨਵੀਂ ਬਣ ਗਈ ਹੈ ਜਿਸਦਾ ਜ਼ਿਲ੍ਹਾ ਵਾਸੀਆਂ ਨੂੰ ਲਾਭ ਮਿਲੇਗਾ।

ਇਸ ਮੌਕੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਫ਼ਤਹਿਗੜ੍ਹ ਚੂੜੀਆਂ ਬਲਾਕ ਦੇ ਸੈਲਫ ਹੈਲਪ ਗੁਰੱਪਾਂ ਨੂੰ 20 ਈ-ਰਿਕਸ਼ਾ ਦਿੱਤੇ ਗਏ। ਇਸਦੇ ਨਾਲ ਹੀ ਉਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ 72 ਲੱਖ ਰੁਪਏ ਰਿਵਾਲਵਿੰਗ ਫੰਡ ਵੀ ਦਿੱਤਾ। ਪੰਚਾਇਤ ਮੰਤਰੀ ਨੇ ਜ਼ਿਲ੍ਹੇ ਦੀਆਂ ਗਰੀਬ ਤੇ ਲੋੜਵੰਦ ਔਰਤਾਂ ਨੂੰ ਟੈਕਸਟਾਈਲ ਮੰਤਰਾਲੇ ਵੱਲੋਂ ਆਈਆਂ 300 ਸਿਲਾਈ ਮਸ਼ੀਨਾਂ ਵੰਡੀਆਂ।

ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਪਨਸਪ ਦੇ ਚੇਅਰਮੈਨ ਸ. ਬਲਬੀਰ ਸਿੰਘ ਪੰਨੂ, ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ ਸਮੇਤ ਪੰਚਾਇਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।  

Written By
The Punjab Wire