ਗੁਰਦਾਸਪੁਰ, 8 ਫਰਵਰੀ (ਮੰਨਣ ਸੈਣੀ)। ਥਾਣਾ ਦੀਨਾਨਗਰ ਦੀ ਪੁਲਸ ਨੇ 3 ਕਿਲੋ 300 ਗ੍ਰਾਮ ਚਰਸ ਅਤੇ 75 ਹਜ਼ਾਰ ਦੀ ਡਰੱਗ ਮਨੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਨੈਸ਼ਨਲ ਹਾਈਵੇਅ ਨੇੜੇ ਸ਼ੂਗਰ ਮਿੱਲ ਪੰਨਿਆੜ ਕੋਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਰਾਤ 8 ਵਜੇ ਇੱਕ ਕਾਰ ਨੰਬਰ ਪੀਬੀ 92 ਡੀਐਕਸ 2290 ਪਠਾਨਕੋਟ ਵਾਲੇ ਪਾਸੇ ਤੋਂ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਲਵਲੀ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦਸ਼ਮੇਸ਼ ਐਵੀਨਿਊ ਫੋਕਲ ਪੁਆਇੰਟ ਨੇੜੇ ਅਲਫਾ ਮੇਲ ਅੰਮ੍ਰਿਤਸਰ ਚਲਾ ਰਿਹਾ ਸੀ। ਜਦਕਿ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਪੰਕਜ ਸ਼ਰਮਾ ਪੁੱਤਰ ਮਦਨ ਲਾਲ ਨਿਵਾਸੀ ਅੰਮ੍ਰਿਤਸਰ ਬੈਠਾ ਸੀ। ਜਿਨ੍ਹਾਂ ਨੂੰ ਰੋਕਿਆ ਗਿਆ ਕਾਰ ਦੀ ਤਲਾਸ਼ੀ ਉਚ ਅਧਿਕਾਰੀ ਦੇ ਸਾਹਮਣੇ ਕੀਤੀ ਗਈ ਜਿਸ ਦੌਰਾਨ ਕਾਰ ਦੇ ਗੇਅਰ ਲੀਵਰ ਨੇੜੇ ਕੱਪੜੇ ਦਾ ਬੈਗ ਮਿਲਿਆ। ਜਿਸ ਦੀ ਤਲਾਸ਼ੀ ਲੈਣ ‘ਤੇ ਲਿਫਾਫੇ ‘ਚ 3 ਕਿਲੋ 300 ਗ੍ਰਾਮ ਚਰਸ ਅਤੇ 75 ਹਜ਼ਾਰ ਦੀ ਭਾਰਤੀ ਕਰੰਸੀ (ਡਰੱਗ ਮਨੀ) ਬਰਾਮਦ ਹੋਈ।