ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ), 7 ਫਰਵਰੀ (ਮੰਨਣ ਸੈਣੀ)। ਇਕ ਸਕੂਲ ਦੇ ਮਸੂਮ ਬੱਚਿਆਂ ਦੀ ਰੋਂਦੇ-ਵਿਲਕਦਿਆਂ ਦੀ ਇਕ ਦਿਲ ਨੂੰ ਝੰਜੋੜ ਕੇ ਰੱਖਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਮਾਮਲਾ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਔਲਖ ਖੁਰਦ ਦਾ ਹੈ। ਹੋਲੀ ਫੈਮਲੀ ਕਾਨਵੈਂਟ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਸਕੂਲ ਦੀ ਇਕ ਬੱਸ ਔਲਖ ਖੁਰਦ ਤੋਂ ਸਕੂਲੀ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ, ਜਦੋਂ ਇਹ ਬੱਸ ਪਿੰਡ ਤੋਂ ਥੋੜ੍ਹਾ ਬਾਹਰ ਨਿਕਲੀ ਤਾਂ ਰਸਤੇ ‘ਚ ਦੋ ਕੁੱਤੇ ਲੜਦੇ ਹੋਏ ਅਚਾਨਕ ਬੱਸ ਦੇ ਅੱਗੇ ਆ ਗਏ ਤੇ ਇਕ ਕੁੱਤਾ ਬੱਸ ਹੇਠਾਂ ਆਉਣ ਕਰ ਕੇ ਮਰ ਗਿਆ।
ਕੁੱਤੇ ਦੇ ਮਰਨ ਉਪਰਾਂਤ ਕੁੱਤੇ ਦਾ ਮਾਲਕ ਵੀ ਆ ਗਿਆ ਤੇ ਉਨ੍ਹਾਂ ਨੇ ਆਉਂਦਿਆਂ ਹੀ ਸਕੂਲ ਬੱਸ ਨੂੰ ਰੋਕ ਕੇ ਡਾਂਗਾਂ ਤਲਵਾਰਾਂ ਨਾਲ ਡਰਾਈਵਰ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ ‘ਚ ਇਕ ਵਿਅਕਤੀ ਦੇ ਹੱਥ ਦਾਤਰ ਵੀ ਦਿਖਾਈ ਦੇ ਰਿਹਾ ਹੈ। ਇਹ ਸਭ ਦੇਖ ਕੇ ਬੱਸ ਵਿਚ ਸਵਾਰ ਛੋਟੇ ਮਸੂਮ ਬੱਚੇ ਰੋਣ-ਵਿਲਕਣ ਲੱਗ ਪਏ।ਵਾਇਰਲ ਵੀਡੀਓ ‘ਚ ਬੱਸ ਡਰਾਇਵਰ ਕੁੱਤੇ ਦੇ ਮਾਲਕਾਂ ਦੇ ਤਰਲੇ ਕੱਢ ਰਿਹਾ ਹੈ ਕਿ ਬੱਚੇ ਵਿਲਕ ਰਹੇ ਹਨ, ਬੱਸ ਨੂੰ ਜਾਣ ਦਿਓ । ਪਰ ਕੁੱਤੇ ਦਾ ਮਾਲਕ ਗੁੰਡਾਗਰਦੀ ਕਰਦਾ ਨਜ਼ਰ ਆ ਰਿਹਾ ਹੈ। ਇੰਨੇ ਚਿਰ ਨੂੰ ਬੱਸ ਵਿਚ ਸਵਾਰ ਬੱਚਿਆਂ ਦੇ ਮਾਤਾ-ਪਿਤਾ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜੱਦੋਜਹਿਦ ਨਾਲ ਬੱਸ ਨੂੰ ਸਕੂਲ ਰਵਾਨਾ ਕੀਤਾ।
ਜਾਣਕਾਰੀ ਅਨੁਸਾਰ ਸਕੂਲ ਪ੍ਰਬੰਧਕਾਂ ਅਤੇ ਬੱਸ ਡਰਾਈਵਰ ਤੇ ਬੱਚਿਆਂ ਦੇ ਕੁਝ ਮਾਪਿਆਂ ਨੇ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੀ ਪੁਲਿਸ ਚੌਕੀ ਹਰਚੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਐਸਐਚਓ ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਚੌਕੀ ਹਰਚੋਵਾਲ ਵਿਖੇ ਸ਼ਕਾਇਤ ਆਈ ਹੈ। ਬੱਚਿਆਂ ਦੇ ਮਾਪਿਆਂ, ਬੱਸ ਡਰਾਇਵਰ, ਸਕੂਲ ਪ੍ਰਬੰਧਕਾਂ ਤੇ ਬੱਸ ਨੂੰ ਰੋਕਣ ਵਾਲੇ ਲੋਕਾਂ ਨੂੰ ਪੁਲਿਸ ਚੌਕੀ ਹਰਚੋਵਾਲ ਵਿਖੇ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਉਧਰ ਸਕੂਲ ਬੱਸ ‘ਚ ਸਵਾਰ ਇਕ ਬੱਚੇ ਦੇ ਪਿਤਾ ਨੇ ਦੱਸਿਆ ਕੇ ਕੁੱਤੇ ਦੇ ਮਾਲਕਾਂ ਨੂੰ ਉਨ੍ਹਾਂ ਨੇ ਜਾ ਕੇ ਤਰਲੇ ਕੱਢੇ ਕੇ ਸਕੂਲ ਦੀ ਬੱਸ ਹੈ ਤੇ ਬੱਚਿਆਂ ਦਾ ਬੁਰਾ ਹਾਲ ਹੈ, ਤੁਸੀਂ ਬੱਸ ਨੂੰ ਜਾਣ ਦਿਓ ਪਰ ਉਹ ਲੋਕ ਆਪਣੇ ਹਰਜਾਨੇ ਨੂੰ ਲੈ ਕੇ ਅੜੇ ਹੋਏ ਸਨ। ਉਸ ਨੇ ਦੱਸਿਆ ਕਿ ਸਕੂਲ ਡਰਾਈਵਰ ਵੱਲੋਂ ਕੁੱਤੇ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਗਈ ਸੀ, ਪਰ ਜੇਕਰ ਡਰਾਈਵਰ ਬੱਸ ਨੂੰ ਖੇਤਾਂ ਵਾਲੇ ਪਾਸੇ ਉਤਾਰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਵਾਇਰਲ ਵੀਡੀਓ ਤੋਂ ਬਾਅਦ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।