ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਵਿਰਸਾ ਉਤਸਵ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ
ਗੁਰਦਾਸਪੁਰ, 6 ਫਰਵਰੀ (ਮੰਨਣ ਸੈਣੀ) । ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਮਿਤੀ 11 ਫਰਵਰੀ 2023 ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ‘ਵਿਰਸਾ ਉਤਸਵ’ ਰੰਗਲੇ ਪੰਜਾਬ ਦੇ ਖੂਬਸੂਰਤ ਰੰਗ ਪੇਸ਼ ਕਰੇਗਾ।
ਵਿਰਸਾ ਉਤਸਵ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 11 ਫਰਵਰੀ 2023 ਨੂੰ ਦੁਪਹਿਰ 12:00 ਦੇ ਕਰੀਬ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ‘ਵਿਰਸਾ ਉਤਸਵ’ ਸ਼ੁਰੂ ਹੋਵੇਗਾ ਜਿਸ ਵਿੱਚ ਸਭ ਤੋਂ ਪਹਿਲਾਂ ਪਤੰਗਬਾਜ਼ੀ ਹੋਵੇਗੀ। ਇਸ ਦੌਰਾਨ ਸਟੇਡੀਅਮ ਵਿੱਚ ਪਤੰਗਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਨਾਂ ਕਿਹਾ ਕਿ ਵਿਰਸਾ ਉਤਸਵ ਦੌਰਾਨ ਪਤੰਗਾਂ ਕੇਵਲ ਸੂਤੀ ਧਾਗੇ ਦੀ ਡੋਰ ਨਾਲ ਹੀ ਉਡਾਈਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਵਿਰਸਾ ਉਤਸਵ ਦੌਰਾਨ ਵਿਸ਼ੇਸ਼ ਤੌਰ ’ਤੇ ਫੂਡ ਸਟਾਲ ਤੇ ਹੈਂਡੀਕਰਾਫਟ ਦੇ ਸਟਾਲ ਵੀ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਪਤੰਗਬਾਜ਼ੀ ਦੇ ਸ਼ੋਅ ਤੋਂ ਬਾਅਦ 3:30 ਤੋਂ ਸ਼ਾਮ 5:00 ਵਜੇ ਤੱਕ ਕਲਾਕਾਰਾਂ ਵੱਲੋਂ ਲੋਕ ਸੰਗੀਤ ਅਤੇ ਲੋਕ ਨਾਚ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਉਪਰੰਤ ਵਿਰਸਾ ਉਤਸਵ ਦੌਰਾਨ ਸ਼ਾਮ ਨੂੰ ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਕੰਵਰ ਗਰੇਵਾਲ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮੰਨੋਰੰਜਨ ਕਰਨਗੇ। ਉਨਾਂ ਦੱਸਿਆ ਕਿ ਵਿਰਸਾ ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਹਾਜ਼ਰੀ ਭਰਨਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਵਿਰਸਾ ਉਤਸਵ ਰੰਗਲੇ ਪੰਜਾਬ ਦੇ ਰੰਗਲੇ ਸੱਭਿਆਚਾਰ ਦੀ ਤਰਜ਼ਮਾਨੀ ਕਰੇਗਾ ਅਤੇ ਇਹ ਉਤਸਵ ਯਾਦਗਾਰੀ ਹੋਵੇਗਾ। ਉਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਿਰਸਾ ਉਤਸਵ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੰਦਿਆਂ ਅਪੀਲ ਕੀਤੀ ਹੈ ਕਿ ਉਹ ਇਸ ਵਿਰਸਾ ਉਤਸਵ ਵਿੱਚ ਸ਼ਾਮਲ ਹੋ ਕੇ ਰੌਣਕਾਂ ਨੂੰ ਵਧਾਉਣ।