ਗੁਰਦਾਸਪੁਰ, 6 ਫਰਵਰੀ (ਮੰਨਣ ਸੈਣੀ)। ਥਾਣਾ ਧਾਰੀਵਾਲ ਦੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਨਵਾਂ ਬੱਸ ਸਟੈਂਡ ਧਾਰੀਵਾਲ ਪਹੁੰਚਣ ‘ਤੇ ਜਸਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫੱਤਣੰਗਲ ਨੇ ਉਨ੍ਹਾਂ ਨੂੰ ਦੱਸਿਆ ਕਿ 4 ਫਰਵਰੀ ਨੂੰ ਸ਼ਾਮ 4.30 ਵਜੇ ਦੇ ਕਰੀਬ ਡੋਗਰਾ ਲੈਬਾਰਟਰੀ ਨੇੜਿਓਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ।
ਇਸ ਸਬੰਧੀ ਭਾਲ ਕਰਨ ਤੇ ਮੁੱਦਈ ਨੂੰ ਪਤਾ ਲੱਗਾ ਕਿ ਮੁਲਜ਼ਮ ਜੱਗਾ ਮਸੀਹ ਵਾਸੀ ਕਿਲਾ ਟੇਕ ਸਿੰਘ ਥਾਣਾ ਸਦਰ ਲਾਈਨ (ਬਟਾਲਾ) ਅਤੇ ਰਮੇਸ਼ ਕੁਮਾਰ ਉਰਫ਼ ਮੇਸ਼ਾ ਵਾਸੀ ਬਾਸਰਪੁਰ ਥਾਣਾ ਰੰਗੜ ਨੰਗਲ ਬਟਾਲਾ ਚੋਰੀ ਦੇ ਮੋਟਰਸਾਈਕਲ ਨੂੰ ਵੇਚਣ ਲਈ ਦਾਣਾ ਮੰਡੀ ਧਾਰੀਵਾਲ ਵਿਖੇ ਖੜ੍ਹੇ ਸਨ। ਇਸ ਸਬੰਧੀ ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਨੇ ਦਾਣਾ ਮੰਡੀ ਧਾਰੀਵਾਲ ਵਿਖੇ ਛਾਪੇਮਾਰੀ ਕੀਤੀ | ਇਸ ਦੌਰਾਨ ਮੁਲਜ਼ਮਾਂ ਨੂੰ ਚੋਰੀ ਦੇ ਚਾਰ ਸਪਲੈਂਡਰ ਅਤੇ ਇੱਕ ਬੁਲਟ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਧਾਰੀਵਾਲ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।