ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸਮਾਜ ਦਾ ਹਰ ਵਰਗ ਸਰਕਾਰ ਨੂੰ ਆਪਣਾ ਸਹਿਯੋਗ ਦੇਵੇ – ਰਮਨ ਬਹਿਲ
ਗੁਰਦਾਸਪੁਰ, 5 ਫਰਵਰੀ ( ਮੰਨਣ ਸੈਣੀ) । ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਨਸਾਗ੍ਰਸਤ ਲੋਕਾਂ ਦੇ ਪੁਨਰਵਾਸ ਅਤੇ ਇਲਾਜ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਅਤੇ ਰਾਜ ਦੇ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਦੀ ਰੋਕ-ਥਾਮ ਲਈ ਵਿਸ਼ੇਸ਼ ਜਨ-ਜਾਗ੍ਰਤੀ ਮੁਹਿੰਮ ਵੀ ਅਰੰਭੀ ਗਈ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਨਸ਼ਿਆਂ ਦੇ ਖਾਤਮੇ ਲਈ ਸੂਬੇ ਵਿੱਚ ਨਸ਼ਾ ਰੋਕੂ ਅਫਸਰ (ਡੈਪੋ) ਅਤੇ ਬੱਡੀ ਪ੍ਰੋਗਰਾਮ ਨੂੰ ਠੋਸ ਢੰਗ ਨਾਲ ਲਾਗੂ ਕਰਨ ਦੇ ਨਾਲ-ਨਾਲ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ, ਦਵਾਈਆਂ, ਕੌਂਸਲਿੰਗ ਅਤੇ ਸਾਥੀਆਂ ਦੇ ਸਹਿਯੋਗ ‘ਤੇ ਆਧਾਰਿਤ ਬਾਹਰੀ ਮਰੀਜਾਂ ਦੇ ਇਲਾਜ ’ਤੇ ਵਿਸ਼ੇਸ਼ ਜੋਰ ਦਿੱਤਾ ਜਾਵੇਗਾ। ਉਨਾਂ੍ਹ ਦੱਸਿਆ ਕਿ ਸੂਬੇ ਵਿੱਚ 528 ਓ.ਓ.ਏ.ਟੀ. ਕਲੀਨਿਕ (17 ਕੇਂਦਰੀ ਜੇਲਾਂ ਸਮੇਤ), 36 ਸਰਕਾਰੀ ਨਸਾ ਛੁਡਾਊ ਕੇਂਦਰ, 19 ਸਰਕਾਰੀ ਮੁੜ ਵਸੇਬਾ ਕੇਂਦਰ, 185 ਨਿੱਜੀ ਨਸਾ ਛੁਡਾਊ ਕੇਂਦਰ ਅਤੇ 75 ਪ੍ਰਾਈਵੇਟ ਪੁਨਰਵਾਸ ਕੇਂਦਰਾਂ ਦੇ ਰੂਪ ਵਿੱਚ ਮੈਡੀਕਲ ਬੁਨਿਆਦੀ ਢਾਂਚਾ ਹੈ, ਜਿਸ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਵਿਅਕਤੀਆਂ ਦੇ ਇਲਾਜ ਤੇ ਪੁਨਰਵਾਸ ਲਈ ਵਰਤਿਆ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਮਾਜ ਦੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਨੂੰ ਆਪਣਾ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਅਵਾਮ ਦੇ ਸਹਿਯੋਗ ਅਤੇ ਸਰਕਾਰ ਦੇ ਯਤਨਾ ਸਦਕਾ ਜਰੂਰ ਇਸ ਸਮਾਜਿਕ ਬੁਰਾਈ ਉੱਪਰ ਕਾਬੂ ਪਾ ਲਿਆ ਜਾਵੇਗਾ।