ਗੁਰਦਾਸਪੁਰ

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਬੀ.ਐਨ.ਓ. ਅਤੇ ਬਲਾਕ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕਰਕੇ ਮਿਸ਼ਨ 100 ਫੀਸਦੀ ਦੀ ਪ੍ਰਾਪਤੀ ਲਈ ਕੀਤਾ ਪ੍ਰੇਰਿਤ

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਬੀ.ਐਨ.ਓ. ਅਤੇ ਬਲਾਕ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕਰਕੇ ਮਿਸ਼ਨ 100 ਫੀਸਦੀ ਦੀ ਪ੍ਰਾਪਤੀ ਲਈ ਕੀਤਾ ਪ੍ਰੇਰਿਤ
  • PublishedFebruary 2, 2023

ਨਵੇਂ ਦਾਖ਼ਲੇ ਲਈ ਹਰ ਘਰ ਤੱਕ ਪਹੁੰਚ ਬਣਾਈ ਜਾਵੇ: ਡੀ.ਈ.ਓ. ਭਾਟੀਆ

ਬਟਾਲਾ, 2 ਫ਼ਰਵਰੀ (ਮੰਨਣ ਸੈਣੀ)। ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ , ਪੰਜਾਬ ਵੱਲੋਂ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਐਲੀਮੈਂਟਰੀ ਸ.ਅਮਰਜੀਤ ਸਿੰਘ ਭਾਟੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਸ. ਲਖਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਬੀ.ਐਨ.ਓ. ,ਬਲਾਕ ਪ੍ਰਾਇਮਰੀ ਅਫ਼ਸਰਾਂ ਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਪ੍ਰਾਇਮਰੀ ਦੇ ਬੀ.ਐਮ.ਟੀ. ਸਾਹਿਬਾਨ ਨਾਲ ਆਨ-ਲਾਈਨ ਮੀਟਿੰਗ ਕਰਕੇ ਮਿਸ਼ਨ 100 % ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ‌।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਸ. ਅਮਰਜੀਤ ਸਿੰਘ ਭਾਟੀਆ ਅਤੇ ਡਿਪਟੀ ਡੀ.ਈ.ਓ. ਸੈਕੰ: ਸ. ਲਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਅਤੇ ਬੱਚਿਆਂ ਨੂੰ ਮਿਸ਼ਨ 100 ਫੀਸਦੀ ਦੀ ਪ੍ਰਾਪਤੀ ਲਈ ਆਪਣਾ ਬੈਸਟ ਦੇਣ ਲਈ ਪ੍ਰੇਰਿਤ ਕੀਤਾ ਜਾਵੇ। ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸੈਸ਼ਨ ਦੇ ਦਾਖਲਿਆਂ ਦੀ ਰਜਿਸਟ੍ਰੇਸ਼ਨ ਲਈ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਜਾਵੇ, ਅਧਿਆਪਕ ਅਤੇ ਅਧਿਕਾਰੀ ਹਰ ਘਰ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਮਾਪਿਆਂ ਤੱਕ ਪਹੁੰਚ ਬਣਾਉਣ। ਵਿਭਾਗ ਵੱਲੋਂ ਅਲਾਟ ਹੋਈਆਂ ਸਿਵਲ ਵਰਕਸ ਦੀਆਂ ਗ੍ਰਾਂਟਾਂ ਅਤੇ ਹੋਰ ਐਲੋਕੇਟ ਕੀਤੇ ਫੰਡ ਅਤੇ ਮਿਡ ਡੇ ਮੀਲ ਦੇ ਐਲੋਕੇਟ ਕੀਤੇ ਫੰਡ ਨੂੰ ਵੀ ਨਿਯਮਾਂ ਅਨੁਸਾਰ ਖਰਚਿਆ ਜਾਵੇ ਅਤੇ ਮਿਡ ਡੇ ਮੀਲ ਤਹਿਤ ਬੱਚਿਆਂ ਦੀ ਹਾਜ਼ਰੀ ਨੂੰ ਆਨਲਾਈਨ ਈ ਪੰਜਾਬ ਐਪ ਦਰਜ ਕਰਨਾ ਅਤੀ ਜ਼ਰੂਰੀ ਕੰਮ ਹੈ ਇਸ ਵਿੱਚ ਅਣਗਹਿਲੀ ਨਾ ਵਰਤੀ ਜਾਵੇ। ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਵੇ। ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਸੌ ਫ਼ੀਸਦੀ’ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ ਤਾਂ ਕਿ ਮਾਪਿਆਂ ਵਿੱਚ ਜਾਗਰੂਕਤਾ ਪੈਦਾ ਹੋ ਸਕੇ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਟੀਚਿਆਂ ਤੱਕ ਪਹੁੰਚਣ ਲਈ ਸਵੇਰ ਦੇ ਸਮੇਂ ਜਾ ਛੁੱਟੀ ਤੋਂ ਬਾਅਦ ਵਾਧੂ ਜਮਾਤਾਂ ਲਗਾਈਆਂ ਜਾਣ।

ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਸਲਾਈਡ ਭੇਜੀ ਜਾਂਦੀ ਹੈ ਜਿਸ ਦੇ ਤਹਿਤ ਬੱਚਿਆਂ ਨੂੰ ਆਮ ਗਿਆਨ ਵਿਗਿਆਨ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ ਹਨ। ਉਨ੍ਹਾਂ ਸਮਾਜਿਕ ਭਾਈਚਾਰੇ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ। ਇਸ ਦੇ ਨਾਲ ਨਾਲ ਮੁੱਖ ਦਫ਼ਤਰ ਪ੍ਰਾਪਤ ਡਾਕਾਂ , ਸਕਾਲਰਸ਼ਿਪ ਬਾਰੇ ਵੀ ਵਿਸਥਾਰ ਸਾਹਿਤ ਗੱਲ-ਬਾਤ ਕਰਕੇ ਸਮੇਂ ਸਮੇਂ ਜਾਣਕਾਰੀ ਅਪਡੇਟ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡੀ.ਈ.ਓ. ਦਫ਼ਤਰ ਤੋਂ ਸੁਪਰਡੰਟ ਅਮਲਾ ਬ੍ਰਾਂਚ ਸੁਰਿੰਦਰਪਾਲ ਸਿੰਘ , ਸੁਪਰਡੰਟ ਲੇਖਾ ਬ੍ਰਾਂਚ ਰਾਕੇਸ਼ ਤੁੱਲੀ , ਜੂਨੀਅਰ ਸਹਾਇਕ ਸਰਬਜੀਤ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜ਼ਿਲ੍ਹਾ ਐਮ.ਆਈ.ਐਸ. ਮੁਨੀਸ਼ ਕੁਮਾਰ ਸਮੇਤ ਜ਼ਿਲ੍ਹੇ ਦੇ ਬੀ.ਐਨ.ਓ. ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ , ਬੀ.ਐਮ.ਟੀ. ਸਾਹਿਬਾਨ ਹਾਜ਼ਰ ਸਨ।

Written By
The Punjab Wire