ਗੁਰਦਾਸਪੁਰ

ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਉਲੰਪੀਅਨਸ ਦੇ ਪਿੰਡਾਂ ਤੇ ਸ਼ਹਿਰਾਂ ’ਚ ਬਣਾਏ ਜਾਣਗੇ ਖੇਡ ਮੈਦਾਨ ਤੇ ਸਟੇਡੀਅਮ – ਡਿਪਟੀ ਕਮਿਸ਼ਨਰ

ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਉਲੰਪੀਅਨਸ ਦੇ ਪਿੰਡਾਂ ਤੇ ਸ਼ਹਿਰਾਂ ’ਚ ਬਣਾਏ ਜਾਣਗੇ ਖੇਡ ਮੈਦਾਨ ਤੇ ਸਟੇਡੀਅਮ – ਡਿਪਟੀ ਕਮਿਸ਼ਨਰ
  • PublishedFebruary 2, 2023

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਉਲੰਪੀਅਨ ਖਿਡਾਰੀਆਂ ਦੀ ਸੂਚੀ ਕੀਤੀ ਜਾ ਰਹੀ ਹੈ ਤਿਆਰ  

ਜ਼ਿਲਾ ਪ੍ਰਸ਼ਾਸਨ ਨੇ 11 ਉਲੰਪੀਅਨ ਖਿਡਾਰੀਆਂ ਦੇ ਨਾਵਾਂ ਦੀ ਲਿਸਟ ਜਾਰੀ ਕਰਕੇ ਹੋਰ ਨਾਵਾਂ ਦੀ ਸੂਚਨਾ ਵੀ ਮੰਗੀ

ਗੁਰਦਾਸਪੁਰ, 2 ਫਰਵਰੀ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਸੱਭਿਆਚਾਰ ਨੂੰ ਪ੍ਰਫੂਲਤ ਕਰਨ ਲਈ ਜ਼ਿਲ੍ਹੇ ਨਾਲ ਸਬੰਧਤ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਵਿੱਚ ਖੇਡ ਮੈਦਾਨ ਅਤੇ ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਕਈ ਖਿਡਾਰੀਆਂ ਨੇ ਵਿਸ਼ਵ ਪੱਧਰ ਦੇ ਖੇਡ ਮੁਕਾਬਲਿਆਂ ਅਤੇ ਖਾਸ ਕਰਕੇ ਉਲੰਪਿਕ ਖੇਡਾਂ ਵਿੱਚ ਵੀ ਦੇਸ਼ ਦੀ ਅਗਵਾਈ ਕੀਤੀ ਹੈ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਜ਼ਿਲੇ ਨਾਲ ਸਬੰਧਤ ਅਜਿਹੇ ਸਾਰੇ ਉਲੰਪੀਅਨ ਖਿਡਾਰੀਆਂ ਦੀ ਲਿਸਟ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਉਲੰਪੀਅਨ ਖਿਡਾਰੀਆਂ ਦੇ ਨਾਮ ਅਤੇ ਉਨਾਂ ਦੀਆਂ ਖੇਡ ਪ੍ਰਾਪਤੀਆਂ ਸਬੰਧੀ ਪੂਰਾ ਵੇਰਵਾ ਦਰਜ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਿਸਟ ਤਿਆਰ ਕਰਨ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਾਮ ’ਤੇ ਖੇਡ ਮੈਦਾਨ ਤੇ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਲੰਪੀਅਨ ਦੇ ਪਿੰਡਾਂ ਵਿੱਚ ਪਹਿਲਾਂ ਹੀ  ਖੇਡ ਮੈਦਾਨ ਜਾਂ ਸਟੇਡੀਅਮ ਬਣੇ ਹੋਣਗੇ ਓਨ੍ਹਾਂ ਨੂੰ ਵੀ ਅਪਗਰੇਡ ਕਰਕੇ ਉਸ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਇਸਤੋਂ ਇਲਾਵਾ ਉਲੰਪੀਅਨ ਖਿਡਾਰੀਆਂ ਦੀ ਯਾਦ ਵਿੱਚ ਖੇਡ ਟੂਰਨਾਮੈਂਟ ਅਤੇ ਖੇਡ ਸਕਾਲਰਸ਼ਿਪ ਵੀ ਸ਼ੁਰੂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸਮੁਹ ਐੱਸ.ਡੀ.ਐੱਮਜ਼ ਅਤੇ ਜ਼ਿਲ੍ਹਾ ਖੇਡ ਅਫ਼ਸਰ ’ਤੇ ਅਧਾਰਤ ਇੱਕ ਕਮੇਟੀ ਦਾ ਗਠਨ ਕਰਦਿਆਂ ਕਿਹਾ ਕਿ ਉਹ ਇੱਕ ਹਫ਼ਤੇ ਅੰਦਰ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਮੌਜੂਦਾ ਖੇਡ ਢਾਂਚੇ ਦੀ ਸਥਿਤੀ ਅਤੇ ਨਵੇਂ ਮੈਦਾਨ ਤੇ ਸਟੇਡੀਅਮ ਬਣਾਉਣ ਸਬੰਧੀ ਰੀਪੋਰਟ ਤਿਆਰ ਕਰਕੇ ਪੇਸ਼ ਕਰਨ।  

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਖੇਡ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ਵਿੱਚ ਜ਼ਿਲੇ ਦੇ 11 ਉਲੰਪੀਅਨ ਦੇ ਨਾਵਾਂ ਦੀ ਸੂਚੀ ਬਣ ਚੁੱਕੀ ਹੈ ਜਿਨਾਂ ਵਿੱਚ ਪਿੰਡ ਵੀਲਾ ਬੱਜੂ ਨਾਲ ਸਬੰਧਤ ਹਾਕੀ ਖਿਡਾਰੀ ਸ੍ਰੀ ਰਮਨਦੀਪ ਸਿੰਘ, ਪਿੰਡ ਮਸਾਣੀਆਂ ਦੇ ਹਾਕੀ ਖਿਡਾਰੀ ਸ੍ਰੀ ਪ੍ਰਭਜੋਤ ਸਿੰਘ, ਪਿੰਡ ਚਾਹਲ ਕਲਾਂ ਦੇ ਹਾਕੀ ਖਿਡਾਰੀ ਸ੍ਰੀ ਸਿਮਰਨਜੀਤ ਸਿੰਘ, ਪਿੰਡ ਕੋਠੇ ਘੁਰਾਲਾ ਦੇ ਜੁਡੋ ਖਿਡਾਰੀ ਸ੍ਰੀ ਅਵਤਾਰ ਸਿੰਘ, ਪਿੰਡ ਹਵੇਲੀ ਚੋਬਦਾਰ ਦੀ ਅਥਲੀਟ ਸ੍ਰੀਮਤੀ ਮਨਜੀਤ ਕੌਰ, ਪਿੰਡ ਮਰੜ ਦੇ ਹਾਕੀ ਖਿਡਾਰੀ ਸ੍ਰੀ ਸਰਵਣਜੀਤ ਸਿੰਘ ਅਤੇ ਬ੍ਰਿਗੇਡੀਅਰ ਹਰਚਰਨ ਸਿੰਘ ਬੋਪਾਰਾਏ, ਪਿੰਡ ਦਾਖਲਾ ਦੇ ਹਾਕੀ ਖਿਡਾਰੀ ਸਵਰਗਵਾਸੀ ਸ੍ਰੀ ਸੁਰਜੀਤ ਸਿੰਘ ਰੰਧਾਵਾ, ਉਮਰਪੁਰਾ (ਬਟਾਲਾ) ਦੇ ਬਾਸਕਿਟਬਾਲ ਖਿਡਾਰੀ ਸ. ਗਰਦੀਪ ਸਿੰਘ ਤੇਜਾ, ਪਿੰਡ ਘੋਰਾਲਾ ਦੇ ਸ਼ਾਟਪੁੱਟ ਅਥਲੀਟ ਸ. ਬਲਵਿੰਦਰ ਸਿੰਘ ਧਾਲੀਵਾਲ ਅਤੇ ਪਿੰਡ ਕੰਡੀਲਾ ਦੇ ਹਾਈਜੰਪ ਅਥਲੀਟ ਸ. ਅਜੀਤ ਸਿੰਘ ਭੁੱਲਰ ਦੇ ਨਾਮ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਇਨਾਂ ਨਾਵਾਂ ਤੋਂ ਬਿਨਾਂ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਹੋਰ ਖਿਡਾਰੀ ਨੇ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਹੈ ਤਾਂ ਇਸਦੀ ਜਾਣਕਾਰੀ ਜ਼ਿਲਾ ਖੇਡ ਦਫ਼ਤਰ, ਗੁਰਦਾਸਪੁਰ ਵਿਖੇ ਜਾਂ ਜ਼ਿਲਾ ਖੇਡ ਅਫ਼ਸਰ, ਗੁਰਦਾਸਪੁਰ ਸ. ਸੁਖਚੈਨ ਸਿੰਘ ਦੇ ਮੋਬਾਇਲ ਨੰਬਰ 98880-07250 ’ਤੇ ਦਿੱਤੀ ਜਾ ਸਕਦੀ ਹੈ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਐੱਸ.ਡੀ.ਐੱਮ ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ, ਜ਼ਿਲ੍ਹਾ ਸਪੋਰਟਸ ਅਫ਼ਸਰ ਸ. ਸੁਖਚੈਨ ਸਿੰਘ, ਪ੍ਰਿੰਸੀਪਲ ਸਰਕਾਰੀ ਕਾਲਜ ਸ. ਗੁਰਿੰਦਰ ਸਿੰਘ ਕਲਸੀ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਲਵਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire