Close

Recent Posts

ਗੁਰਦਾਸਪੁਰ

ਮੂਲ ਅਨਾਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਨਿਵੇਕਲਾ ਉਪਰਾਲਾ, ਬਟਾਲਾ ਦੇ ਪਿੰਡ ਰੰਗੀਲਪੁਰ ‘ਚ ਲਗਾਇਆ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ

ਮੂਲ ਅਨਾਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਨਿਵੇਕਲਾ ਉਪਰਾਲਾ, ਬਟਾਲਾ ਦੇ ਪਿੰਡ ਰੰਗੀਲਪੁਰ ‘ਚ ਲਗਾਇਆ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ
  • PublishedJanuary 31, 2023

ਬਟਾਲਾ, 31 ਜਨਵਰੀ (ਮੰਨਣ ਸੈਣੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੂਲ ਅਨਾਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਅੱਜ ਬਲਾਕ ਬਟਾਲਾ ਦੇ ਪਿੰਡ ਰੰਗੀਲਪੁਰ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਦੇ ਪ੍ਰਬੰਧਾਂ ਹੇਠ ਇਕ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕੀਤਾ ਜਦੋਂ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ ਨੇ ਕੈਂਪ ਦੀ ਪ੍ਰਧਾਨਗੀ ਕੀਤੀ ਅਤੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਦਲਜੀਤ ਸਿੰਘ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।

ਕੈਂਪ ਦੌਰਾਨ ਪਿੰਡ ਰੰਗੀਲਪੁਰ ਦੇ ਉਘੇ ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਕਰੀਬ 12 ਸਾਲਾਂ ਤੋਂ ਮੂਲ ਅਨਾਜਾਂ ਦੀ ਕਾਸ਼ਤ ਕਰਦੇ ਆ ਰਹੇ ਹਨ। ਉਨਾਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੂਲ ਅਨਾਜਾਂ ਦੀ ਕਾਸ਼ਤ ਜਰੂਰ ਕਰਨ।

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਸੰਬੋਧਨ ਕਰਦਿਆਂ ਜਿਥੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉਸ ਦੇ ਨਾਲ ਹੀ ਕਿਸਾਨਾਂ ਨੂੰ ਕਿਹਾ ਕਿ ਉਹ ਫਸਲੀ ਵਿਭਿੰਨਤਾ ਲਿਆਉਣ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਮੂਲ ਅਨਾਜਾਂ ਦੀ ਕਾਸ਼ਤ ਕਰਨ।

ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ ਨਿਧੀ ਕੁਮੁਦ ਬਾਮਬਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਨਿਕਲ ਕੇ ਆਰਗੈਨਿਕ ਖੇਤੀ ਕੀਤੀ ਜਾਵੇ ਅਤੇ ਮੂਲ ਆਨਾਜ਼ਾ ਦੀ ਖੇਤੀ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪਾਣੀ ਬਚਾਉਣ,ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ, ਗੰਭੀਰ ਬਿਮਾਰੀਆਂ ਤੋਂ ਨਿਜਾਤ ਪਾਉਣ ਤੇ ਵਾਤਾਵਰਣ ਬਚਾਉਣ ਲਈ ਮੂਲ ਅਨਾਜ਼ ਦੀ ਵੱਧ ਤੋਂ ਵੱਧ ਕਾਸ਼ਤ ਕੀਤੀ ਜਾਵੇ। ਉਨ੍ਹਾਂ ਸਮੂਹ ਕਿਸਾਨਾਂ ਖਾਸਕਰਕੇ ਔਰਤਾਂ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਦੀ ਡਾਈਟ ਵਿੱਚ ਮੂਲ ਅਨਾਜ਼ ਨੂੰ ਲਾਜਮੀ ਤੌਰ ਤੇ ਸ਼ਾਮਲ ਕੀਤਾ ਜਾਵੇ।

ਸੰਯੁਕਤ ਡਾਇਰੈਕਟਰ ਡਾ. ਦਲਜੀਤ ਸਿੰਘ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਮੂਲ ਅਨਾਜ ਜਿਥੇ ਫਸਲੀ ਵਿਭਿੰਨਤਾ ਲਿਆਉਣ ਵਿਚ ਸਹਾਈ ਹੋਣਗੇ ਉਸ ਦੇ ਨਾਲ ਹੀ ਇਨਾਂ ਦਾ ਸੇਵਨ ਕਰਨ ਲਈ ਕਈ ਸਰੀਰਿਕ ਸਮੱਸਿਆਵਾਂ ਹੀ ਠੀਕ ਹੁੰਦੀਆਂ ਹਨ। ਉਨਾਂ ਕਿਹਾ ਕਿ ਜਿਹੜੇ ਕਿਸਾਨ ਮੂਲ ਅਨਾਜਾਂ ਦੀ ਕਾਸ਼ਤ ਕਰਨਗੇ, ਉਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਹਰਪਾਲ ਸਿੰਘ ਅਤੇ ਡਾ. ਬੈਂਸ ਸਮੇਤ ਹੋਰ ਬੁਲਾਰਿਆਂ ਨੇ ਮੂਲ ਅਨਾਜਾਂ ਵਾਲੀਆਂ ਫਸਲਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ।
ਜ਼ਿਲ੍ਹਾ ਸਿਖਲਾਈ ਅਫਸਰ ਡਾ. ਅਮਰੀਕ ਸਿੰਘ ਨੇ ਵੀ ਕਿਸਾਨਾਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। ਸਟੇਜ ਸਕੱਤਰ ਦੇ ਫਰਜ ਪਰਮਬੀਰ ਸਿੰਘ ਕਾਹਲੋਂ ਨੇ ਨਿਭਾਏ ਜਦੋਂ ਕਿ ਬਲਾਕ ਅਫਸਰ ਡਾ. ਰਣਧੀਰ ਸਿੰਘ, ਡਾ. ਹੀਰਾ ਸਿੰਘ, ਡਾ. ਜੋਬਨਜੀਤ ਸਿੰਘ, ਓਪਿੰਦਰ ਦੱਤ, ਪੀਡੀ ਪ੍ਰਭਜੋਤ ਸਿੰਘ, ਡਿਪਟੀ ਪੀਡੀ ਸੰਦੀਪ ਸਿੰਘ , ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਲਾਲੀ ਚੀਮਾ,ਗੁਰਦਿਆਲ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਸਿੰਘ,ਸਰਪੰਚ ਰਜਿੰਦਰ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਹਰਵਿੰਦਰ ਸਿੰਘ ਕਲਸੀ, ਭੁਪਿੰਦਰ ਸਿੰਘ ਕਲਸੀ, ਪਰਮਵੀਰ ਸਿੰਘ ਸੋਹਲ ਆਦਿ ਸਮੇਤ ਖੇਤੀ ਅਧਿਕਾਰੀ ਤੇ ਕਿਸਾਨ ਮੌਜੂਦ ਸਨ।

Written By
The Punjab Wire