ਮਿਡ ਡੇ ਮੀਲ ਕੁੱਕ ਬੀਬੀਆਂ ਵਲੋਂ ਸ੍ਰੀ ਹਰਗੋਬਿੰਦਪੁਰ ਵਿਖੇ ਵਿਧਾਇਕ ਦੇ ਦਫ਼ਤਰ 2 ਫਰਵਰੀ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ
ਮਾਮਲਾ ਸਿਆਸੀ ਦਖਲ ਅੰਦਾਜੀ ਕਰਕੇ ਕੁੱਕ ਬੀਬੀਆਂ ਨੂੰ ਨੌਕਰੀ ਤੋਂ ਕੱਢਣ ਦਾ।
ਗੁਰਦਾਸਪੁਰ 31 ਜਨਵਰੀ (ਮੰਨਣ ਸੈਣੀ)। ਮਿਡ ਡੇ ਮੀਲ ਕੁੱਕ ਬੀਬੀਆਂ ਵਲੋਂ ਮੀਟਿੰਗ ਕਰ ਸ਼੍ਰੀ ਹਰਗੋਬਿੰਦਪੁਰ ਵਿੱਖੇ ਐਮ ਐਲ ਏ ਦੇ ਦਫ਼ਤਰ ਨੂੰ 2 ਫ਼ਰਵਰੀ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਮਿਡ ਡੇ ਮੀਲ ਵਰਕਰਾਂ ਦੀ ਜਥੇਬੰਦੀ ਦੀ ਗੁਰਪ੍ਰੀਤ ਕੌਰ ਕੁਹਾਲੀ ਵੱਲੋ ਦਿੱਤੀ ਗਈ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਪਹਿਲੀਆਂ ਸਰਕਾਰਾਂ ਦੇ ਪਦਚਿੰਨ੍ਹਾਂ ਤੇ ਚਲਦਿਆਂ ਗਰੀਬ ਕੁੱਕ ਬੀਬੀਆਂ ਨੂੰ ਨੌਕਰੀ ਤੋਂ ਕਢਵਾ ਕੇ ਆਪਣੇ ਚਹੇਤਿਆਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਲਗਾਉਣ ਦੀ ਕਾਰਵਾਈ ਅਰੰਭ ਦਿੱਤੀ ਹੈ। ਜਿਸ ਦੇ ਨਤੀਜੇ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਕੰਡੀਲਾ ਦੀ ਕੁੱਕ ਬੀਬੀ ਲਗਾਤਾਰ ਆਪਣੀ ਨੌਕਰੀ ਦੀ ਬਹਾਲੀ ਲਈ ਦਰ ਦਰ ਠੋਕਰਾਂ ਖਾ ਰਹੀ ਹੈ। ਹਾਲਾਕਿ ਇਸ ਸਬੰਧੀ ਹਲਕੇ ਦੇ ਐਮਐਲਏ ਨੂੰ ਯੂਨੀਅਨ ਦਾ ਇੱਕ ਵਫਦ ਦਿੰਸਬਰ ਮਹੀਨੇ ਵਿੱਚ ਮਿਲਿਆ ਸੀ ਅਤੇ ਵਿਧਾਇਕ ਵਲੋਂ ਭਰੋਸਾ ਦਿੱਤਾ ਸੀ ਕਿ ਉਹ ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਵਰਕਰ ਨੂੰ ਇਨਸਾਫ ਦਿਵਾਉਣਗੇ। ਪਰ ਇੱਕ ਮਹੀਨੇ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਜਥੇਬੰਦੀ ਦੀ ਸੂਬਾ ਸਕੱਤਰ ਮਮਤਾ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਗਰੰਟੀ ਦਿਤੀ ਸੀ ਕਿ ਉਨ੍ਹਾਂ ਦੀਆਂ ਤਨਖਾਹਾਂ ਦੁਗਣੀਆਂ ਕੀਤੀਆਂ ਜਾਣਗੀਆਂ। ਵਰਕਰਾਂ ਦਾ ਹਰ ਪੱਧਰ ਤੇ ਹੋ ਰਿਹਾ ਸ਼ੋਸ਼ਣ ਬੰਦ ਕੀਤਾ ਜਾਵੇਗਾ।
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਸੂਬਾਈ ਆਗੂ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੇ ਮੁਲਾਜ਼ਮ ਵਿਰੋਧੀ ਕਿਰਦਾਰ ਤੇ ਉਂਗਲੀ ਧਰਦਿਆਂ ਕਿਹਾ ਕਿ ਸਿੱਖਿਆ ਬਲਾਕ ਅਫਸਰ ਕਾਦੀਆਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਵਲੋਂ ਕੁੱਕ ਵਰਕਰਾਂ ਦੇ ਸੇਵਾ ਨਿਯਮਾਂ ਵਾਰੇ ਬਣੀਆਂ ਹਿਦਾਇਤਾਂ ਦੀ ਸ਼ਰੇਆਮ ਉਲੰਘਣਾ ਕਰਕੇ ਸਿਆਸੀ ਲੋਕਾਂ ਦੀ ਪੁਸ਼ਤਪਨਾਹੀ ਕੀਤੀ ਗਈ ਹੈ। ਜਿਸ ਦਾ ਜਥੇਬੰਦੀ ਸਖ਼ਤ ਨੋਟਿਸ ਲੈਂਦੀ ਹੈ ਉਨ੍ਹਾਂ ਚੇਤਾਵਨੀ ਦਿੱਤੀ ਹੈ ਜੇ ਨੌਕਰੀ ਤੋਂ ਕੱਢੀ ਵਰਕਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।