ਗੁਰਦਾਸਪੁਰ, 30 ਜਨਵਰੀ ( ਮੰਨਣ ਸੈਣੀ ) । ਸਿਵਲ ਸਰਜਨ ਗੁਰਦਾਸਪੁਰ ਡਾ. ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰਾਸ਼ਟਰੀ ਕੁਸ਼ਟ ਨਿਵਾਰਨ ਦਿਵਸ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਚੇਤਨਾ ਇੰਚਾਰਜ ਸਿਵਲ ਹਸਪਤਾਲ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਹੋਏ ਇਸ ਰਾਸ਼ਟਰੀ ਕੁਸ਼ਟ ਨਿਵਾਰਨ ਦਿਵਸ ਦੇ ਸਬੰਧ ਵਿੱਚ ਸਹੁੰ ਚੁੱਕੀ ਗਈ।
ਡਾ. ਚੇਤਨਾ ਨੇ ਕਿਹਾ ਕਿ ਅੱਜ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ’ਤੇ ਪ੍ਰਣ ਕਰਦੇ ਹਾਂ ਕਿ ਅਸੀਂ ਕੁਸ਼ਟ ਰੋਗ ਦੇ ਲੱਛਣ ਵਾਲੇ ਵਿਅਕਤੀ ਨੂੰ ਨਜਦੀਕੀ ਸਿਹਤ ਕੇਂਦਰ ਵਿੱਚ ਜਾਣ ਲਈ ਪ੍ਰੇਰਿਤ ਕਰਾਂਗੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਕੁਸ਼ਟ ਰੋਗ ਦਾ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕੁਸ਼ਟ ਦਾ ਰੋਗੀ ਹੈ ਤਾਂ ਉਸ ਨਾਲ ਬੈਠਣ, ਖਾਣ ਪੀਣ, ਘੁੰਮਣ, ਫਿਰਨ ਤੇ ਕਿਸੇ ਤਰਾਂ ਦਾ ਕੋਈ ਭੇਦ-ਭਾਵ ਨਹੀ ਕਰਨਾਂ ਚਾਹੀਦਾ।
ਚਮੜੀ ਰੋਗਾਂ ਦੇ ਮਾਹਿਰ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਕੁਸ਼ਟ ਰੋਗੀ ਦਾ ਨਾਲ ਸਮਾਜਿਕ ਭੇਦ-ਭਾਵ ਬਿਲਕੁਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਮੁਕਤ ਭਾਰਤ ਲਈ ਸਿਹਤ ਵਿਭਾਗ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਚਮੜੀ ਦੇ ਉਪਰ ਤਾਬੇ ਰੰਗ ਦਾ ਦਾਗ ਹੋਵੇ ਤਾਂ ਉਸਨੂੰ ਨਜਦੀਕ ਦੇ ਸਿਹਤ ਕੇਂਦਰ ਵਿੱਚ ਜਰੂਰ ਨਿਰੀਖਣ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸਿਵਲ ਹਸਪਤਾਲ ਗੁਰਦਾਸਪੁਰ ਦਾ ਸਮੂਹ ਸਟਾਫ ਵੀ ਹਾਜ਼ਰ ਸੀ।