ਗੁਰਦਾਸਪੁਰ ਦੇ ਨਿਜੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਦੋ ਸਾਲਾ ਬੱਚੇ ਦੀ ਮੌਤ
ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ‘ਤੇ ਲਗਾਇਆ ਲਾਪਰਵਾਹੀ ਦਾ ਦੋਸ਼, ਡਾਕਟਰ ਨੇ ਪੂਰੀ ਤਰ੍ਹਾਂ ਦੋਸ਼ਾ ਨੂੰ ਨਕਾਰਿਆ
ਗੁਰਦਾਸਪੁਰ, 30 ਜਨਵਰੀ (ਮੰਨਣ ਸੈਣੀ)। ਸ਼ਹਿਰ ਦੇ ਰੇਲਵੇ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਦੋ ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਮੌਤ ਦਾ ਕਾਰਨ ਹਸਪਤਾਲ ਦੀ ਲਾਪਰਵਾਹੀ ਨੂੰ ਦੱਸਿਆ ਹੈ, ਜਦਕਿ ਡਾਕਟਰ ਵੱਲੋਂ ਪੂਰੀ ਤਰ੍ਹਾਂ ਦੌਸ਼ਾ ਨੂੰ ਨਕਾਰਿਆ ਗਿਆ ਹੈ। ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾਦੀ ਪਲਵਿੰਦਰ ਕੌਰ ਅਤੇ ਤਾਇਆ ਸੁਖਦੇਵ ਸਿੰਘ ਨੇ ਦੱਸਿਆ ਕਿ ਪਵਨਜੋਤ ਨੂੰ ਛਾਤੀ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ ਕਰੀਬ 6 ਦਿਨ ਪਹਿਲਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦਾ ਬੱਚਾ ਲਗਭਗ ਠੀਕ ਹੋ ਚੁੱਕਾ ਸੀ ਜਦੋਂ ਕਿ ਰਾਹੇ ਡਾਕਟਰ ਤੋਂ ਛੁੱਟੀ ਮੰਗ ਰਿਹਾ ਸੀ ਪਰ ਡਾਕਟਰ ਨੇ ਉਸ ਨੂੰ ਇਕ ਦਿਨ ਹੋਰ ਰੁਕਣ ਲਈ ਕਿਹਾ, ਡਾਕਟਰ ਦੀ ਸਲਾਹ ‘ਤੇ ਹੀ ਉਹ 1 ਦਿਨ ਰੁਕਿਆ। ਅੱਜ ਦੁਪਹਿਰ ਸਮੇਂ ਉਸ ਦਾ ਬੱਚਾ ਖਾਣਾ ਖਾ ਕੇ ਖੇਡ ਰਿਹਾ ਸੀ। ਪਰ ਜਦੋਂ ਇਕ ਨਰਸ ਬੱਚੇ ਦੀ ਡਰਿੱਪ ਦਾ ਟੀਕਾ ਲਗਾਉਣ ਆਈ ਤਾਂ ਟੀਕਾ ਅੱਧਾ ਹੀ ਲੱਗਾ ਸੀ ਕਿ ਉਸ ਦੇ ਬੱਚੇ ਦੀ ਹਾਲਤ ਵਿਗੜ ਗਈ ਅਤੇ ਕੁਝ ਮਿੰਟਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਨਰਸ ਬਾਹਰ ਭੱਜ ਗਈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਦਾ ਲਾਇਸੈਂਸ ਰੱਦ ਕਰਕੇ ਡਾਕਟਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਸਬੰਧੀ ਹਸਪਤਾਲ ਦੇ ਮਾਲਕ ਡਾ: ਅਮਿਤ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਛਾਤੀ ‘ਚ ਇਨਫੈਕਸ਼ਨ ਹੋਣ ਕਾਰਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ | ਟੈਸਟ ਤੋਂ ਬਾਅਦ ਬੱਚੇ ਨੂੰ ਨਿਮੋਨੀਆ ਵੀ ਪਾਇਆ ਗਿਆ। ਇਲਾਜ ਤੋਂ ਬਾਅਦ ਬੱਚਾ ਠੀਕ ਹੋਣ ਲੱਗਾ। ਜਿਸ ਕਾਰਨ ਉਨ੍ਹਾਂ ਨੂੰ ਆਈਸੀਯੂ ਤੋਂ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਅੱਜ ਅਚਾਨਕ ਬੱਚਾ ਔਖੇ ਔਖੇ ਸਾਹ ਲੈਣ ਲੱਗ ਪਿਆ ਅਤੇ ਉਸ ਦਾ ਦਿਲ ਫੇਲ੍ਹ ਹੋ ਗਿਆ। ਉਸ ਨੇ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਬੱਚੇ ਨੂੰ ਦੇਖਣ ਲਈ ਮੌਕੇ ’ਤੇ ਪੁੱਜੇ ਸਨ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।ਉਨ੍ਹਾਂ ਨੇ ਨਰਸ ਵੱਲੋਂ ਗਲਤ ਟੀਕਾ ਲਾਉਣ ਦੇ ਦੋਸ਼ਾਂ ਨੂੰ ਵੀ ਨਕਾਰਿਆ।
ਥਾਣਾ ਸਿਟੀ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮੈਂਬਰਾਂ ਦੀ ਸ਼ਿਕਾਇਤ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।