ਜ਼ਿਲ੍ਹਾ ਗੁਰਦਾਸਪੁਰ ਵਿੱਚ 34 ਹੋਰ ਆਮ ਆਦਮੀ ਕਲੀਨਿਕ ਹੋਏ ਲੋਕਾਂ ਨੂੰ ਸਮਰਪਿਤ

ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ ਹੋਈ 36

ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਵੀ ਚਾਰ ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਹੋਏ

ਨਵੇਂ ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਵੱਡੀ ਕ੍ਰਾਂਤੀ ਸਾਬਿਤ ਹੋਣਗੇ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 27 ਜਨਵਰੀ ( ਮੰਨਣ ਸੈਣੀ) । ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਪਹਿਲੇ ਪੜਾਅ ਵਿੱਚ ਖੋਲ੍ਹੇ ਗਏ 100 ਆਮ ਆਦਮੀ ਕਲੀਨਿਕਾਂ ਦੀ ਸਫਲਤਾ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ 400 ਹੋਰ ਕਲੀਨਿਕ ਚਾਲੂ ਕਰ ਦਿੱਤੇ ਹਨ, ਭਾਵ ਹੁਣ ਪੂਰੇ ਪੰਜਾਬ ਵਿੱਚ ਇਨ੍ਹਾਂ ਦੀ ਕੁੱਲ ਗਿਣਤੀ 500 ਹੋ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਅੱਜ 34 ਹੋਰ ਆਮ ਆਦਮੀ ਕਲੀਨਿਕ ਕਾਰਜਸ਼ੀਲ ਹੋ ਗਏ ਹਨ ਅਤੇ ਜ਼ਿਲ੍ਹੇ ਵਿੱਚ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਹੁਣ 36 ਹੋ ਗਈ ਹੈ। ਦੋ ਆਮ ਆਦਮੀ ਕਲੀਨਿਕ ਮਸਾਣੀਆਂ ਅਤੇ ਬੋਪੁਰ ਸੈਦਾਂ ਵਿਖੇ ਪਹਿਲਾਂ ਹੀ ਚੱਲ ਰਹੇ ਹਨ।

ਇਹ 33 ਨਵੇਂ ਕਲੀਨਿਕ ਮਾਨ ਕੌਰ ਸਿੰਘ, ਬੱਬੇਹਾਲੀ, ਭੁੰਬਲੀ, ਰਣਜੀਤ ਬਾਗ, ਚੰਦਰ ਨਗਰ ਬਟਾਲਾ, ਗਾਾਂਧੀ ਕੈਂਪ ਬਟਾਲਾ, ਬਹਿਰਾਮਪੁਰ, ਜਰੋਲੀ, ਮਰਾੜਾ, ਭਰਥ, ਕੰਡੀਲਾ, ਮੰਡ, ਸ੍ਰੀ ਹਰਗੋਬਿੰਦਪੁਰ ਸਾਹਿਬ, ਊਧਨਵਾਲ, ਭੁੱਲਰ, ਜੈਤੋ ਸਰਜਾ, ਪੰਜ ਗਰਾਈਆਂ, ਰੰਗੜ ਨੰਗਲ, ਤਾਰਾਗੜ੍ਹ, ਵਡਾਲਾ ਗ੍ਰੰਥੀਆਂ, ਧਿਆਨਪੁਰ, ਧਰਮਕੋਟ ਰੰਧਾਵਾ, ਦੇੜ ਗਵਾਰ, ਦੋਰਾਂਗਲਾ, ਜੌੜਾ ਛੱਤਰਾਂ, ਅਲੀਵਾਲ, ਕਾਲਾ ਅਫ਼ਗਾਨਾ, ਗਿੱਲ ਮੰਝ, ਗੁੰਨੋਪੁਰ, ਨਾਨੋਵਾਲ, ਵਡਾਲਾ ਬਾਂਗਰ, ਸਤਕੋਹਾ, ਕਲਿਆਨਪੁਰ ਅਤੇ ਰਣਜੀਤ ਬਾਗ ਵਿਖੇ ਅੱਜ ਕਾਰਜਸ਼ੀਲ ਹੋ ਗਏ ਹਨ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਬੱਬੇਹਾਲੀ, ਮਾਨ ਕੌਰ ਸਿੰਘ, ਭੁੰਬਲੀ ਅਤੇ ਜੌੜਾ ਛੱਤਰਾਂ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਸਿਵਲ ਸਰਜਨ ਡਾ. ਕੁਲਵਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਐੱਸ.ਐੱਮ.ਓ. ਡਾ. ਚੇਤਨਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਨਵੇਂ ਬਣੇ ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਿਤ ਹੋਣਗੇ। ਉਨ੍ਹਾਂ ਦੱਸਿਆ ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ 41 ਟੈਸਟ ਅਤੇ 93 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਹੋਣਗੀਆਂ। ਇਹ ਕਲੀਨਿਕ ਸਵੇਰੇ 9 ਤੋਂ 3 ਵਜੇ ਤੱਕ ਸਰਦੀਆਂ ਵਿੱਚ ਅਤੇ 8 ਤੋਂ 2 ਵਜੇ ਤੱਕ ਗਰਮੀਆਂ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਕਲੀਨਿਕ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਉਸਾਰੂ ਕਦਮ ਹੈ, ਜਿਸ ਦਾ ਲੋਕਾਂ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ। ਇਸ ਮੌਕੇ ਆਮ ਆਦਮੀ ਕਲੀਨਿਕ ਸ਼ੁਰੂ ਹੋਣ `ਤੇ ਸਬੰਧਤ ਪਿੰਡਾਂ ਅਤੇ ਆਸ-ਪਾਸ ਦੇ ਇਲਾਕੇ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

Print Friendly, PDF & Email
www.thepunjabwire.com Contact for news and advt :-9814147333