Close

Recent Posts

ਹੋਰ ਗੁਰਦਾਸਪੁਰ

ਮਜਬੂਤ ਲੋਕਤੰਤਰ ਲਈ ਵੋਟ ਦਾ ਸਹੀ ਇਸਤੇਮਾਲ ਜਰੂਰੀ : ਜ਼ਿਲ੍ਹਾ ਚੋਣ ਅਫਸਰ

ਮਜਬੂਤ ਲੋਕਤੰਤਰ ਲਈ ਵੋਟ ਦਾ ਸਹੀ ਇਸਤੇਮਾਲ ਜਰੂਰੀ : ਜ਼ਿਲ੍ਹਾ ਚੋਣ ਅਫਸਰ
  • PublishedJanuary 25, 2023

13ਵੇਂ ਕੌਮੀ ਵੋਟਰ ਦਿਵਸ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ 18-19 ਸਾਲ ਦੇ ਨਵੇਂ ਵੋਟਰਾਂ ਨੂੰ ਵੰਡੇ ਗਏ ਵੋਟਰ ਸ਼ਨਾਖਤੀ ਕਾਰਡ

ਵੋਟ ਦਾ ਸਹੀ ਤੇ ਜਰੂਰ ਇਸਤੇਮਾਲ ਕਰਨ ਦਾ ਦਿਵਾਇਆ ਗਿਆ ਪ੍ਰਣ

ਦੀਨਾਨਗਰ/ਗੁਰਦਾਸਪੁਰ, 25 ਜਨਵਰੀ ( ਮੰਨਣ ਸੈਣੀ) । ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ ਲੋਕਤੰਤਰ ਦੀ ਮਜਬੂਤੀ ਵਾਸਤੇ ਹਰੇਕ ਵੋਟਰ ਨੂੰ ਆਪਣੀ ਬਣਾਉਣ ਦੇ ਨਾਲ ਆਪਣੀ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨਾ ਜਰੂਰੀ ਹੈ। ਵੋਟ ਦਾ ਸਹੀ ਇਸਤੇਮਾਲ ਕਰਕੇ ਹੀ ਅਸੀਂ ਆਪਣੇ ਦੇਸ਼ ਅਤੇ ਸੂਬੇ ਦੀ ਮਜਬੂਤੀ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਐੱਸ.ਐੱਸ.ਐੱਮ ਕਾਲਜ ਦੀਨਾਨਗਰ ਵਿਖੇ 13ਵੇਂ ਕੌਮੀ ਵੋਟਰ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਾਸਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਲੋਕਤੰਤਰ ਨੂੰ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਵੋਟ ਬਣਾਉਣਾ ਅਤੇ ਉਸ ਦਾ ਬਿਨਾਂ ਕਿਸੇ ਭੇਦ-ਭਾਵ ਤੋਂ ਇਸਤੇਮਾਲ ਕਰਨਾ ਹਰੇਕ ਨਾਗਰਿਕ ਦੀ ਸਮਾਜਿਕ ਜਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਅਤੇ ਸਹੀ ਤੇ ਨਿਰਪੱਖ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਵੀ ਦਿਵਾਇਆ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 18-19 ਸਾਲ ਦੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਦੇ ਮੰਤਵ ਨਾਲ ਹੁਣ ਸਾਲ ਵਿੱਚ ਚਾਰ ਯੋਗਤਾ ਮਿਤੀਆਂ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਯੋਗ ਨੌਜਵਾਨ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ 1950 ਤੇ 1951 ਵਿੱਚ ਕੀਤੀਆਂ ਸੋਧਾਂ ਸਦਕਾ ਵੋਟਰ ਸੂਚੀਆਂ ਵਿੱਚ ਰਜਿਸਟਰੇਸ਼ਨ ਕਰਵਾਉਣ ਲਈ ਸਾਲ ਵਿੱਚ ਚਾਰ ਯੋਗਤਾ ਮਿਤੀਆਂ ਭਾਵ 01 ਜਨਵਰੀ, 01 ਅਪ੍ਰੈਲ, 01 ਜੁਲਾਈ ਤੇ 01 ਅਕਤੂਬਰ ਤੈਅ ਕੀਤੀਆਂ ਗਈਆਂ ਹਨ, ਜਿਸ ਨਾਲ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੋਟ ਦਾ ਅਧਿਕਾਰ ਸਾਡਾ ਸੰਵਿਧਾਨਕ ਹੱਕ ਹੈ ਜਿਸ ਦਾ ਸਾਨੂੰ ਪੂਰੀ ਜਿੰਮੇਵਾਰੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਵੋਟ ਦਾ ਸਹੀ ਇਸਤੇਮਾਲ ਕਰਕੇ ਹੀ ਅਸੀਂ ਸੁਪਨਿਆਂ ਦਾ ਦੇਸ਼ ਸਿਰਜ ਸਕਦੇ ਹਾਂ।

ਜ਼ਿਲ੍ਹਾ ਚੋਣ ਅਫਸਰ ਨੇ ਹੋਰ ਦੱਸਿਆ ਕਿ ਚੋਣ ਕਮਿਸਨ ਵੱਲੋਂ ਵੋਟਰਾਂ ਦੇ ਫੋਟੋ ਵੋਟਰ ਸ਼ਨਾਖਤੀ ਕਾਰਡ ਉਨ੍ਹਾਂ ਦੇ ਆਧਾਰ ਨਾਲ ਲਿੰਕ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਹੁਣ ਤੱਕ ਜ਼ਿਲ੍ਹੇ ਦੇ 80 ਫੀਸਦੀ ਤੋਂ ਵੱਧ ਵੋਟਰਾਂ ਦ ਆਧਾਰ ਨੰਬਰ ਵੋਟਰ ਕਾਰਡ ਨਾਲ ਲਿੰਕ ਹੋ ਚੁੱਕੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟਰ ਕਾਰਡ ਨਾਲ ਆਧਾਰ ਲਿੰਕ ਜਰੂਰ ਕਰਵਾਉਣ। ਰਾਸ਼ਟਰੀ ਵੋਟਰ ਦਿਵਸ ਮੌਕੇ 18-19 ਸਾਲ ਦੇ ਨਵੇਂ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੀ ਵੰਡੇ ਗਏ। ਇਸ ਮੌਕੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਦਾ ਗੀਤ ” ਮੈਂ ਭਾਰਤ ਹੂੰ ” ਲਾਂਚ ਕੀਤਾ ਗਿਆ ਅਤੇ ਪ੍ਰੋਜੈਕਟਰ ਤੇ ਭਾਰਤ ਚੋਣ ਕਮਿਸ਼ਨ ਦਾ ਸੰਦੇਸ਼ ਸੁਣਾਇਆ ਗਿਆ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਭਾਸ਼ਣਾਂ ਦੌਰਾਨ ਵੋਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਲੈਕਚਰਾਰ ਗੁਰਮੀਤ ਸਿੰਘ ਭੋਮਾ ਅਤੇ ਅਮਰਜੀਤ ਸਿੰਘ ਪੁਰੇਵਾਲ ਨੇ ਵੀ ਰਾਸ਼ਟਰੀ ਵੋਟਰ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਜ਼ਿਲ੍ਹਾ ਪੱਧਰੀ ਕੌਮੀ ਵੋਟਰ ਦਿਵਸ ਸਮਾਗਮ ਦੌਰਾਨ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਸ. ਬਲਵਿੰਦਰ ਸਿੰਘ ਨੂੰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਬੈਸਟ ਈ.ਆਰ.ਓ. ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਅਮਰਜੀਤ ਸਿੰਘ ਭਾਟੀਆ ਨੂੰ ਸਵੀਪ ਐਕਟੀਵਿਟੀ ਵਿੱਚ ਵਧੀਆ ਕਾਰਗੁਜ਼ਾਰੀ ਲਈ, ਸ੍ਰੀ ਰਾਜੀਵ ਦੁੱਗਲ ਲੈਕਚਰਾਰ ਆਈ.ਟੀ.ਆਈ. ਫ਼ਤਹਿਗੜ੍ਹ ਚੂੜੀਆਂ ਨੂੰ ਬੈਸਟ ਸੁਪਰਵਾਈਜਰ, ਸ੍ਰੀ ਜਤਿੰਦਰ ਸੈਣੀ ਨੂੰ ਬੈਸਟ ਬੀ.ਐੱਲ.ਓ. ਵਜੋਂ ਸਨਮਾਨਿਤ ਕੀਤਾ ਗਿਆ।

ਇਸੇ ਦੌਰਾਨ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਭੇਜੇ ਗਏ ਵਿਸ਼ੇਸ਼ ਸਨਮਾਨ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਡਾ. ਹਿਮਾਂਸ਼ੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।

ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਬਲਵਿੰਦਰ ਸਿੰਘ, ਐੱਸ.ਡੀ.ਐੱਮ. ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ, ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ, ਸ੍ਰੀ ਸੁਨੀਲ ਕੁਮਾਰ ਚੋਣ ਕਾਨੂੰਗੋ, ਐੱਸ.ਐੱਸ.ਐੱਮ ਕਾਲਜ ਦੀਨਾਨਗਰ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਸ੍ਰੀ ਭਾਰਤ ਇੰਦੂ ਓਹਰੀ, ਪ੍ਰੋ. ਪ੍ਰਬੋਧ ਗਰੋਵਰ ਡੀਨ ਯੂਥ ਵੈਲਫੇਅਰ, ਪ੍ਰੋ. ਸੁਬੀਰ ਰਗਬੋਤਰਾ, ਪਰਮਿੰਦਰ ਸਿੰਘ ਸੈਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Written By
The Punjab Wire