ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਵਿਧਾਇਕ ਪਾਹੜਾ ਦੀ ਕੋਠੀ ਅਤੇ ਸ਼ੋਅਰੂਮ ਦਾ ਵਿਜਿਲੈਂਸ ਦੀ ਟੀਮ ਨੇ ਕੀਤਾ ਮੁਲਾਂਕਣ

ਵਿਧਾਇਕ ਪਾਹੜਾ ਦੀ ਕੋਠੀ ਅਤੇ ਸ਼ੋਅਰੂਮ ਦਾ ਵਿਜਿਲੈਂਸ ਦੀ ਟੀਮ ਨੇ ਕੀਤਾ ਮੁਲਾਂਕਣ
  • PublishedJanuary 23, 2023

ਚੱਪਾ ਚੱਪਾ ਨਾਪ ਕੋਠੀ ਅਤੇ ਸ਼ੋਅਰੂਮ ‘ਤੇ ਕਿੰਨਾ ਖਰਚ ਹੋਇਆ ਪਤਾ ਲਗਾ ਰਹੀ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ

ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਵਿਜਿਲੈਂਸ

ਗੁਰਦਾਸਪੁਰ, 23 ਜਨਵਰੀ (ਮੰਨਣ ਸੈਣੀ)। ਸੋਮਵਾਰ ਨੂੰ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਲੋਂ ਗੁਰਦਾਸਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਅਤੇ ਕਾਂਗਰਸੀ ਜਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਪਹਿਲ੍ਹਾਂ ਤੋਂ ਚੱਲ ਰਹੀ ਤਫ਼ਤੀਸ਼ ਦੇ ਚਲਦਿਆਂ ਦਸਤੱਕ ਦਿੱਤੀ। ਟੀਮ ਵੱਲੋਂ ਵਿਧਾਇਕ ਦੀ ਨਵੀਂ ਕੋਠੀ ਅਤੇ ਉਨ੍ਹਾਂ ਦੇ ਸ਼ੋਅਰੂਮ ਦਾ ਮੁਲਾਂਕਣ ਕੀਤਾ ਗਿਆ। ਮੁਲਾਂਕਣ ਲਈ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਇਕ ਟੀਮ ਪਹੁੰਚੀ ਸੀ, ਜਿਸ ਨੇ ਕੋਠੀ ਅਤੇ ਸ਼ੋਅਰੂਮ ਦੇ ਇਕ-ਇਕ ਇੰਚ ਨੂੰ ਮਾਪਿਆ ਅਤੇ ਇਸ ਦੀ ਸਜਾਵਟ ‘ਤੇ ਖਰਚੇ ਗਏ ਪੈਸੇ ਦਾ ਮੁਲਾਂਕਣ ਕੀਤਾ।

ਜ਼ਿਕਰਯੋਗ ਹੈ ਕਿ ਵਿਧਾਇਕ ‘ਤੇ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕੀਤੀ ਹੋਈ ਸੀ। ਹਾਲਾਕਿ ਵਿਧਾਇਕ ਵੱਲੋਂ ਵੀ ਇਸ ਸਬੰਧੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਜਾਂਚ ਵਿੱਚ ਬੇਦਾਗ ਨਿਕਲਣ ਦਾ ਦਾਅਵਾ ਕੀਤਾ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਸਵੇਰੇ ਸਾਢੇ 10 ਵਜੇ ਦੇ ਕਰੀਬ ਗੁਰਦਾਸਪੁਰ ਪੁੱਜੀ ਅਤੇ ਕਰੀਬ 4 ਵਜੇ ਤੱਕ ਉਨ੍ਹਾਂ ਤਿੱਬੜੀ ਰੋਡ ’ਤੇ ਸਥਿਤ ਵਿਧਾਇਕ ਦੀ ਨਵੀਂ ਕੋਠੀ ਅਤੇ ਤਿੱਬੜੀ ਰੋਡ ’ਤੇ ਸਥਿਤ ਸ਼ੋਅਰੂਮ ਦਾ ਜਾਇਜ਼ਾ ਲਿਆ।

ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਾਂਕਣ ਲਈ ਚੰਡੀਗੜ੍ਹ ਤੋਂ ਟੀਮ ਆਈ ਹੈ ਅਤੇ ਉਹ ਆਪਣੀ ਰਿਪੋਰਟ ਵਿਜੀਲੈਂਸ ਬਿਊਰੋ ਨੂੰ ਸੌਂਪੇਗੀ। ਉਸ ਨੇ ਦੱਸਿਆ ਕਿ ਸ਼ੋਅਰੂਮ ਅਤੇ ਨਵੇਂ ਘਰ ਵਿੱਚ ਲਗਾਈਆਂ ਗਈਆਂ ਚੀਜ਼ਾਂ ਦੀ ਮਾਪ-ਦੰਡ ਕੀਤੀ ਗਈ ਹੈ।

Written By
The Punjab Wire