ਗੁਰਦਾਸਪੁਰ, 23 ਜਨਵਰੀ (ਮੰਨਣ ਸੈਣੀ)। ਡੇਰਾ ਬਾਬਾ ਨਾਨਕ ਦੇ ਇੱਕ ਪਤੀ-ਪਤਨੀ ਵੱਲੋਂ ਦੋ ਨੌਜਵਾਨਾਂ ਨੂੰ MES ‘ਚ ਨੌਕਰੀ ਦਿਵਾਉਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਸਦਰ ਦੀ ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕਰ ਲਿਆ ਹੈ। ਫਿਲਹਾਲ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਹ ਮਾਮਲਾ ਡੀਐਸਪੀ ਕਮਾਂਡ ਸੈਂਟਰ ਵੱਲੋਂ ਜਾਂਚ ਮਗਰੋਂ ਦਰਜ ਕੀਤਾ ਗਿਆ ਹੈ।
ਬਲਬੀਰ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਹੇਮਰਾਜ ਪੁਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਦੋਸ਼ੀ ਵੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਵਾਸੀ ਪਿੰਡ ਸ਼ਾਹਪੁਰ ਗੁਰਾਇਆ ਥਾਣਾ ਡੇਰਾ ਬਾਬਾ ਨਾਨਕ ਨੇ ਉਸ ਨਾਲ ਠੱਗੀ ਮਾਰੀ ਹੈ। ਉਕਤ ਨੇ ਧੋਖਾ ਦੇ ਕੇ ਉਸ ਨੂੰ ਕਿਹਾ ਕਿ ਉਹ ਉਸਦੇ ਲੜਕੇ ਹਰਦੀਪ ਸਿੰਘ ਅਤੇ ਜਸਪਾਲ ਸਿੰਘ ਦੇ ਲੱੜਕੇ ਅਕਾਸ਼ਦੀਪ ਸਿੰਘ ਵਾਸੀ ਹੇਮਰਾਜਪੁਰ ਨੂੰ ਐਮ.ਈ.ਐਸ. ਵਿੱਚ ਨੌਕਰੀ ਲਗਵਾ ਸਕਦੇ ਹਨ। ਇਸ ਦੇ ਬਦਲੇ ਮੁਲਜ਼ਮਾਂ ਨੇ ਦੋਵਾਂ ਨੌਜਵਾਨਾਂ ਨੂੰ ਨੌਕਰੀ ਲਗਵਾਉਣ ਦੇ ਬਦਲੇ ਕੁੱਲ 20 ਲੱਖ ਰੁਪਏ (10 ਲੱਖ ਇੱਕ ਦੇ ਬਦਲੇ) ਲਏ।
ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਫਰਜ਼ੀ ਨਿਯੁਕਤੀ ਪੱਤਰ ਬਣਾ ਕੇ ਦੋਵਾਂ ਨੂੰ ਦੇ ਦਿੱਤੇ। ਜਦੋਂ ਉਸ ਨੂੰ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਪਤਾ ਲੱਗਾ ਤਾਂ ਉਸ ਨੇ ਮੁਲਜ਼ਮਾਂ ਤੋਂ ਉਸ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ, ਪਰ ਉਨ੍ਹਾਂ ਨੂੰ ਪੈਸੇ ਵਾਪਿਸ ਨਹੀਂ ਕੀਤੇ ਗਏ। ਮੁਲਜ਼ਮ ਨੇ ਨਾ ਤਾਂ ਉਸ ਦੇ ਲੜਕੇ ਨੂੰ ਨੌਕਰੀ ਦਿੱਤੀ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੁਲਿਸ ਨੇ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।