ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਮੌਕੇ ਛੁੱਟੀ ਘੋਸ਼ਿਤ ਹੋਣ ਉਪਰੰਤ ਸੇਵਕਾਂ ਨੇ ਚੇਅਰਮੈਨ ਰਮਨ ਬਹਿਲ ਦੇ ਗ੍ਰਹਿ ਵਿਖੇ ਪਹੁੰਚ ਕੇ ਧੰਨਵਾਦ ਕੀਤਾ
ਚੇਅਰਮੈਨ ਰਮਨ ਬਹਿਲ ਨੇ ਸਮੂਹ ਸੰਗਤਾਂ ਨੂੰ ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ
ਗੁਰਦਾਸਪੁਰ, 21 ਜਨਵਰੀ ( ਮੰਨਣ ਸੈਣੀ ) । ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਮੌਕੇ 23 ਜਨਵਰੀ 2023 ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੀਤੀ ਸਰਕਾਰੀ ਛੁੱਟੀ ਲਈ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਪਾਈ ਜਾ ਰਹੀ ਹੈ। ਅੱਜ ਸ਼ਾਮ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਸ਼ਰਧਾਲੂ ਤੇ ਸੇਵਕ ਯੋਗੇਸ਼ ਸ਼ਰਮਾਂ, ਨਰੇਸ਼ ਕਾਲੀਆ, ਅਮਨ ਕੁਮਾਰ, ਵਪਾਰ ਮੰਡਲ ਤੋਂ ਅਸ਼ੋਕ ਮਹਾਜਨ, ਹੈਪੀ ਸਿੰਘ, ਅਰਜੁਨ ਮੈਹਿਰਾ, ਅਮਨ, ਗਗਨ, ਰਾਕੇਸ਼, ਜੱਗੂ, ਬਿੱਟੂ, ਸੁਭਾਸ਼ ਚੰਦਰ, ਸੰਨੀ ਸ਼ਾਹ, ਅਸ਼ਵਨੀ ਅਜੇ, ਸਾਬੀ ਅਤੇ ਵਿਪਨ ਸਮੇਤ ਵੱਡੀ ਗਿਣਤੀ ਵਿੱਚ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਸੇਵਕਾਂ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਗ੍ਰਹਿ ਵਿਖੇ ਪਹੁੰਚਕੇ ਜਿਥੇ ਛੁੱਟੀ ਘੋਸ਼ਿਤ ਹੋਣ ਦੀਆਂ ਖੁਸ਼ੀਆਂ ਮਨਾਈਆਂ ਓਥੇ ਸ੍ਰੀ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।
ਸ੍ਰੀ ਬਾਵਾ ਲਾਲ ਦਿਆਲ ਜੀ ਦੇ ਸੇਵਕ ਯੋਗੇਸ਼ ਸ਼ਰਮਾਂ ਨੇ ਕਿਹਾ ਕਿ ਸੰਗਤ ਦੀ ਬੜੇ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਮੌਕੇ ਸਰਕਾਰੀ ਛੁੱਟੀ ਕੀਤੀ ਜਾਵੇ। ਇਸ ਸਬੰਧੀ ਕੁਝ ਦਿਨ ਪਹਿਲਾਂ ਸੰਗਤ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਨਾਲ ਮੁਲਾਕਾਤ ਕਰਕੇ ਆਪਣੀ ਇਸ ਮੰਗ ਤੋਂ ਜਾਣੂ ਕਰਵਾਇਆ ਸੀ। ਸੰਗਤ ਦੀ ਮੰਗ ਨਾਲ ਸਹਿਮਤ ਹੁੰਦਿਆਂ ਸ੍ਰੀ ਰਮਨ ਬਹਿਲ ਪਹਿਲਾਂ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲ ਗਏ ਸਨ ਅਤੇ ਇਥੋਂ ਕੇਸ ਭਿਜਵਾਉਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਕੋਲੋਂ ਇਹ ਛੁੱਟੀ ਮਨਜ਼ੂਰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਕੀਤੀਆਂ ਇਨ੍ਹਾਂ ਕੋਸ਼ਿਸ਼ਾਂ ਲਈ ਸਮੂਹ ਸੰਗਤ ਉਨ੍ਹਾਂ ਦੀ ਧੰਨਵਾਦੀ ਹੈ।
ਸੰਗਤਾਂ ਦਾ ਆਪਣੇ ਗ੍ਰਹਿ ਵਿਖੇ ‘ਜੀ ਆਇਆ ਨੂੰ’ ਕਹਿੰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸ੍ਰੀ ਬਾਵਾ ਲਾਲ ਦਿਆਲ ਜੀ ਜਨਮ ਦਿਹਾੜਾ ਹਰ ਧਰਮ ਤੇ ਵਰਗ ਵੱਲੋਂ ਮਿਲ ਕੇ ਮਨਾਇਆ ਜਾਂਦਾ ਹੈ ਅਤੇ ਸੰਗਤਾਂ ਵੱਲੋਂ ਛੁੱਟੀ ਦੀ ਇਹ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ। ਸ੍ਰੀ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਵੀ ਸੰਗਤਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਮੌਕੇ ਛੁੱਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਅੱਜ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ ਜਿਸਦੀ ਸਾਰੇ ਸੇਵਕਾਂ ਸਮੇਤ ਉਨ੍ਹਾਂ ਨੂੰ ਵੀ ਬੇਹੱਦ ਖੁਸ਼ੀ ਹੈ। ਆਪਣੇ ਗ੍ਰਹਿ ਵਿਖੇ ਪਹੁੰਚੀਆਂ ਸੰਗਤਾਂ ਦਾ ਸ੍ਰੀ ਰਮਨ ਬਹਿਲ ਨੇ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।