ਗੁਰਦਾਸਪੁਰ, 30 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਦੇ ਮਾਨਸਿਕ ਹਸਪਤਾਲ ਤੋਂ ਫਰਾਰ ਹੋਏ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਐਸਪੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ 20 ਜਨਵਰੀ 2022 ਨੂੰ ਦੀਨਾਨਗਰ ਤੋਂ ਅਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਵਾਸੀ ਪਿੰਡ ਗੋਹਤ ਪੋਖਰ (ਗੁਰਦਾਸਪੁਰ) ਦੇ ਖ਼ਿਲਾਫ਼ ਦੋ ਅੰਡਰ ਬੈਰਲ ਗਰਨੇਡ, ਇੱਕ ਅੰਡਰ ਬੈਰਲ ਗ੍ਰੇਨੇਡ ਲਾਂਚਰ, ਨੌਂ ਇਲੈਕਟ੍ਰਾਨਿਕ ਡੈਟੋਨੇਟਰ, ਦੋ ਟਾਈਮਰ ਸੈੱਟ ਅਤੇ ਤਿੰਨ ਕਿਲੋ 700 ਗ੍ਰਾਮ ਆਰਡੀਐਕਸ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਗੁਰਦਾਸਪੁਰ ਦੀ ਕੇਂਂਦਰੀ ਜੇਲ ਭੇਜ ਦਿੱਤਾ ਗਿਆ ਸੀ। 29 ਅਗਸਤ 2022 ਨੂੰ ਉਸ ਨੂੰ ਮੈਂਟਲ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੋਂ ਉਹ 3 ਸਤੰਬਰ ਨੂੰ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਸੀਆਈਏ ਸਟਾਫ਼ ਅਤੇ ਥਾਣਾ ਸਿਟੀ ਦੀ ਪੁਲੀਸ ਨੇ ਪਿੰਡ ਮਾਨ ਕੌਰ ਸਿੰਘ ਬਾਈਪਾਸ ’ਤੇ ਸਥਿਤ ਇੱਕ ਪੈਲੇਸ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਬਿਨਾਂ ਨੰਬਰੀ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਿੱਥੇ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।