Close

Recent Posts

ਹੋਰ ਗੁਰਦਾਸਪੁਰ ਪੰਜਾਬ

ਜਸਲੀਨ ਦੀ ਆਸ ਹੋਵੇਗੀ ਪੂਰੀ:- ਡਾ: ਰੁਪਿੰਦਰ ਕੌਰ ਨੇ ਸੁਣੀ 11 ਸਾਲ ਦੀ ਬੱਚੀ ਜਸਲੀਨ ਦੀ ਫ਼ਰਿਆਦ; ਡਾ: ਰੁਪਿੰਦਰ ਨਿਊਰੋ ਸਾਇਕਾਇਟ੍ਰੀ ਸੈਂਟਰ ਵਿਖੇ ਬਿਮਾਰ ਮਾਂ ਦਾ ਮੁਫ਼ਤ ਇਲਾਜ ਹੋਇਆ ਸ਼ੁਰੂ

ਜਸਲੀਨ ਦੀ ਆਸ ਹੋਵੇਗੀ ਪੂਰੀ:- ਡਾ: ਰੁਪਿੰਦਰ ਕੌਰ ਨੇ ਸੁਣੀ 11 ਸਾਲ ਦੀ ਬੱਚੀ ਜਸਲੀਨ ਦੀ ਫ਼ਰਿਆਦ; ਡਾ: ਰੁਪਿੰਦਰ ਨਿਊਰੋ ਸਾਇਕਾਇਟ੍ਰੀ ਸੈਂਟਰ ਵਿਖੇ ਬਿਮਾਰ ਮਾਂ ਦਾ ਮੁਫ਼ਤ ਇਲਾਜ ਹੋਇਆ ਸ਼ੁਰੂ
  • PublishedNovember 27, 2022

ਜਸਲੀਨ ਦੀ ਆਸ ਸੀ ਕਿ ਮਾਂ ਠੀਕ ਹੋ ਉਸ ਨੂੰ ਖੁੱਦ ਤਿਆਰ ਕਰ ਸਕੂਲ ਭੇਜੇ ਅਤੇ ਕਰੇ ਘਰ ਦੀ ਸੰਭਾਲ, ਸਮਾਜਿਕ ਜੱਥੇਬੰਦੀਆਂ ਅਤੇ ਸਰਕਾਰ ਅਗੇ ਕੀਤੀ ਸੀ ਫਰਿਆਦ

ਗੁਰਦਾਸਪੁਰ, 27 ਨਵੰਬਰ (ਮੰਨਣ ਸੈਣੀ)। ਆਖਰਕਾਰ ਬਟਾਲਾ ਨੇੜਲੇ ਪਿੰਡ ਮਿਰਜਾਜਾਨ ਦੀ 11 ਸਾਲਾ ਬੱਚੀ ਜਸਲੀਨ ਦੀ ਪੁਕਾਰ ਨੂੰ ਸੁਣ ਲਿਆ ਗਿਆ ਹੈ। ਜਸਲੀਨ ਵੱਲੋਂ ਆਪਣੀ ਬਿਮਾਰ ਮਾਂ (ਰਣਜੀਤ ਕੌਰ) ਦੇ ਇਲਾਜ ਲਈ ਸਮਾਜਿਕ ਸੰਸਥਾਵਾਂ ਅਤੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ ਸੀ। ਜਿਸ ਨੂੰ ਕਾਲਜ ਰੋਡ ਗੁਰਦਾਸਪੁਰ ‘ਤੇ ਸਥਿਤ ਡਾ: ਰੁਪਿੰਦਰ ਨਿਊਰੋ ਸਾਇਕਾਇਟ੍ਰੀ ਸੈਂਟਰ ਵਿਖੇ ਮਨੋਰੋਗ ਮਾਹਿਰ ਡਾ: ਰੁਪਿੰਦਰ ਕੌਰ ਨੇ ਸੁਣਿਆ। ਜਸਲੀਨ ਦੀਆਂ ਵੀਡੀਓਜ਼ ਦੇਖਣ ਤੋਂ ਬਾਅਦ ਡਾਕਟਰ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਮਰੀਜ਼ ਦਾ ਮੁਫ਼ਤ ਇਲਾਜ ਕਰਨ ਦੀ ਹਾਮੀ ਭਰੀ। ਜਿਸ ਕਾਰਨ ਉਕਤ ਮਰੀਜ਼ ਐਤਵਾਰ ਨੂੰ ਗੁਰਦਾਸਪੁਰ ਪਹੁੰਚ ਗਿਆ ਅਤੇ ਡਾਕਟਰ ਰੁਪਿੰਦਰ ਨੇ ਆਪ ਮਰੀਜ ਦੀ ਪੂਰੀ ਤਰ੍ਹਾਂ ਜਾਂਚ ਕਰ ਇਲਾਜ ਸ਼ੁਰੂ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਪਿੰਡ ਮਿਰਜਾਜਾਨ ਦੀ 11 ਸਾਲਾ ਬੱਚੀ ਜਸਲੀਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਜਿਸ ਵਿੱਚ ਜਸਲੀਨ ਨੇ ਦੱਸਿਆ ਕਿ ਉਹ ਤੀਜੀ ਜਮਾਤ ਦੀ ਵਿਦਿਆਰਥਣ ਹੈ ਅਤੇ ਪਹਿਲਾਂ ਖੁਦ ਤਿਆਰ ਹੋ ਕੇ ਸਕੂਲ ਜਾਂਦੀ ਹੈ ਅਤੇ ਬਾਅਦ ਵਿੱਚ ਘਰ ਆ ਕੇ ਘਰੇਲੂ ਕੰਮ ਕਰਦੀ ਹੈ। ਜਸਲੀਨ ਨੇ ਕਾਮਨਾ ਕੀਤੀ ਕਿ ਉਸਦੀ ਮਾਂ ਠੀਕ ਹੋ ਜਾਵੇ ਅਤੇ ਉਸਨੂੰ ਆਮ ਬੱਚਿਆਂ ਵਾਂਗ ਖੁਦ ਤਿਆਰ ਕਰ ਸਕੂਲ ਭੇਜੇ ਅਤੇ ਘਰ ਦਾ ਕੰਮ ਕਰੇ। ਇਸੇ ਤਰ੍ਹਾਂ ਜਸਲੀਨ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਵੀ ਆਪਣੀ ਪਤਨੀ ਦੀ ਦੇਖਭਾਲ ਲਈ ਘਰ ਰਹਿਣਾ ਪੈਂਦਾ ਹੈ। ਜਿਸ ਕਾਰਨ ਉਸ ਦੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲ ਰਿਹਾ। ਦੋਵਾਂ ਪਿਓ-ਧੀ ਨੇ ਸਮਾਜਿਕ ਸੰਸਥਾਵਾਂ ਅਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਸੀ।

ਇਸ ਸਬੰਧੀ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੂੰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਭੇਜੀ ਸੀ। ਇਹ ਦੇਖ ਕੇ ਉਸ ਨੇ ਜਸਲੀਨ ਦੇ ਪਿਤਾ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਮਦਦ ਲਈ ਹੱਥ ਅੱਗੇ ਵਧਾਏ। ਉਨ੍ਹਾਂ ਵੱਲੋਂ ਪਰਿਵਾਰ ਨੂੰ ਪੂਰੀ ਤਰ੍ਹਾਂ ਮੁਫ਼ਤ ਇਲਾਜ ਦੀ ਪੇਸ਼ਕਸ਼ ਕੀਤੀ ਗਈ। ਕਿਉਂਕਿ ਉਹ ਚਾਹੁੰਦੇ ਹਨ ਕਿ ਜਸਲੀਨ ਦੀ ਮਾਂ ਖੁਦ ਜਸਲੀਨ ਨੂੰ ਤਿਆਰ ਕਰ ਉਸ ਨੂੰ ਸਕੂਲ ਭੇਜੇ ਅਤੇ ਘਰ ਦਾ ਧਿਆਨ ਰੱਖੇ। ਜਿਸ ਤੋਂ ਬਾਅਦ ਐਤਵਾਰ ਨੂੰ ਉਸ ਦਾ ਪਤੀ ਮਨਜੀਤ ਸਿੰਘ ਮਰੀਜ਼ ਨੂੰ ਉਨ੍ਹਾਂ ਦੇ ਸੈਂਟਰ ਲੈ ਕੇ ਆਏ ਸਨ।

ਡਾਕਟਰ ਰੁਪਿੰਦਰ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਮਰੀਜ਼ ਨੇ ਪਿਛਲੇ ਛੇ ਸਾਲਾਂ ਤੋਂ ਦਵਾਈ ਨਹੀਂ ਲਈ ਸੀ ਅਤੇ ਉਸ ਦੀ ਸਟੇਜ ਵਿਗੜ ਗਈ ਸੀ। ਪਰ ਚੰਗੀ ਖ਼ਬਰ ਇਹ ਹੈ ਕਿ ਉਹ ਠੀਕ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਵਿੱਚ ਮੁੱਖ ਸਮੱਸਿਆ ਇਹ ਹੈ ਕਿ ਜਾਗਰੂਕਤਾ ਦੀ ਘਾਟ ਕਾਰਨ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਮਰੀਜ਼ ਦਾ ਸਹੀ ਸਮੇਂ ’ਤੇ ਇਲਾਜ ਨਹੀਂ ਕਰਵਾਇਆ ਜਾਂਦਾ ਅਤੇ ਬਿਮਾਰੀ ਜੜ੍ਹ ਫੜ ਲੈਂਦੀ ਹੈ। ਜਦੋਂ ਕਿ ਜੇਕਰ ਮਰੀਜ਼ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਾਊਂਸਲਿੰਗ ਅਤੇ ਦਵਾਈਆਂ ਨਾਲ ਹੀ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਹੁਣ ਜਲਦੀ ਹੀ ਜਸਲੀਨ ਦੀ ਮਾਂ ਉਸ ਨੂੰ ਤਿਆਰ ਕਰਕੇ ਸਕੂਲ ਭੇਜੇਗੀ, ਘਰ ਦੀ ਦੇਖਭਾਲ ਕਰੇਗੀ ਅਤੇ ਆਮ ਮਾਂ ਵਾਂਗ ਆਪਣੀ ਬੱਚੀ ਦਾ ਖਿਆਲ ਰੱਖੇਗੀ। ਮਰੀਜ ਦੇ ਪਤੀ ਮੰਜੀਤ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਉਹ ਡਾ ਰੁਪਿੰਦਰ ਕੌਰ ਦੇ ਬੜ੍ਹੇ ਹੀ ਦਿਲੋ ਧੰਨਵਾਦੀ ਹਨ, ਜਿਨ੍ਹਾਂ ਖੁੱਦ ਉਹਨਾਂ ਨਾਲ ਸੰਪਰਕ ਕਾਇਮ ਕਰ ਮਦਦ ਲਈ ਉਹਨਾਂ ਦੀ ਬਾਂਹ ਫੜ੍ਹੀ। ਉਨ੍ਹਾਂ ਕਿਹਾ ਕਿ ਉਹ ਸੱਚ ਵਿੱਚ ਬਹੁਤ ਹੀ ਪਰੇਸ਼ਾਨ ਸਨ ਅਤੇ ਹੁਣ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ।

Written By
The Punjab Wire