Close

Recent Posts

ਗੁਰਦਾਸਪੁਰ ਪੰਜਾਬ

ਸੰਵਿਧਾਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਨੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਅਤੇ ਵਫਾਦਾਰੀ ਦਾ ਪ੍ਰਣ ਦਿਵਾਇਆ

ਸੰਵਿਧਾਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਨੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਅਤੇ ਵਫਾਦਾਰੀ ਦਾ ਪ੍ਰਣ ਦਿਵਾਇਆ
  • PublishedNovember 26, 2022

ਸਮੂਹ ਕਰਮਚਾਰੀ ਅਤੇ ਅਧਿਕਾਰੀ ਲੋਕ ਸੇਵਾ ਵਿੱਚ ਰਹਿੰਦੇ ਹੋਏ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 26 ਨਵੰਬਰ ( ਮੰਨਣ ਸੈਣੀ) । ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਉਂਦਿਆਂ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦਾ ਪ੍ਰਣ ਲਿਆ ਗਿਆ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਵਿਧਾਨ ਦਿਵਸ ਮੌਕੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਕੇ ਸੁਣਾਉਣ ਉਪਰੰਤ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ਵੀ ਚੁਕਾਈ ਗਈ, ਜਿਸ ਵਿੱਚ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਣ, ਕਾਨੂੰਨ ਦੁਆਰਾ ਸਥਾਪਿਤ ਭਾਰਤ ਦੀ ਪ੍ਰਭੂਸਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ, ਆਪਣੇ ਅਹੁਦੇ ਦੇ ਕਾਰਜਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ, ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ।

ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਪ੍ਰਣ ਵੀ ਦਿਵਾਇਆ ਗਿਆ ਕਿ ਉਹ ਸਭ ਰਾਸ਼ਟਰੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਵਾਸਤੇ ਆਪਸੀ ਭਾਈਚਾਰਾ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਤੋਂ ਬਿਨ੍ਹਾਂ ਇਹ ਪ੍ਰਣ ਵੀ ਲਿਆ ਗਿਆ ਕਿ ਅਸੀਂ ਸਾਰੇ ਭਾਰਤ ਦੇ ਸਮੂਹ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭਿਵਿਅਕਤੀ, ਵਿਸ਼ਵਾਸ਼, ਧਰਮ ਤੇ ਪੂਜਾ ਦੀ ਸੁਤੰਤਰਤਾ, ਪ੍ਰਤਿਸ਼ਠਾ ਵਾਸਤੇ ਸਮਾਨ ਅਵਸਰ ਪ੍ਰਦਾਨ ਕਰਾਉਣ ਲਈ ਸੰਵਿਧਾਨ ਪ੍ਰਤੀ ਸਮਰਪਿਤ ਹੋਵਾਂਗੇ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਵੱਲੋਂ ਭਾਰਤ ਨੂੰ ਸੰਪੂਰਨ ਪ੍ਰਭੂਤਾ ਸਪੰਨ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰਿਕ ਗਣਰਾਜ ਬਣਾਉਣ ਦਾ ਲਿਆ ਗਿਆ ਸੁਪਨਾ ਪੂਰਾ ਕਰਨ ਲਈ ਵੀ ਅਸੀਂ ਵਚਨਵਧ ਰਹਾਂਗੇ। ਉਨ੍ਹਾਂ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਲੋਕ ਸੇਵਾ ਵਿੱਚ ਰਹਿੰਦੇ ਹੋਏ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ।

ਇਸ ਮੌਕੇ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਡਾ. ਸ਼ਾਮ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸੁਖਵਿੰਦਰ ਸਿੰਘ, ਤਹਿਸੀਲਦਾਰ ਜਗਤਾਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਅਮਰਜੀਤ ਸਿੰਘ ਭਾਟੀਆ, ਜ਼ਿਲ੍ਹਾ ਇੰਨਫਰਮੇਸ਼ਨ ਅਫ਼ਸਰ ਕਰਨ ਸੋਨੀ, ਅਸ਼ੋਕ ਕੁਮਾਰ ਸਮੇਤ ਹੋਰ ਵੀ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

Written By
The Punjab Wire