Close

Recent Posts

ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਆਟਾ-ਦਾਲ ਸਕੀਮ ’ਚ ਘਪਲੇਬਾਜ਼ੀ ਦੇ ਦੋਸ਼ ’ਚ ਪਨਸਪ ਦੇ ਜਨਰਲ ਮੈਨੇਜਰ ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ

ਆਟਾ-ਦਾਲ ਸਕੀਮ ’ਚ ਘਪਲੇਬਾਜ਼ੀ ਦੇ ਦੋਸ਼ ’ਚ ਪਨਸਪ ਦੇ ਜਨਰਲ ਮੈਨੇਜਰ ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ
  • PublishedNovember 23, 2022

ਚੰਡੀਗੜ੍ਹ, 23 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਪਨਸਪ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਗਰਗ ਵਿਰੁੱਧ ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਆਟਾ-ਦਾਲ ਸਕੀਮ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਪਲੇ ਬਾਰੇ ਬਿਊਰੋ ਨੇ ਜਾਂਚ ਦੌਰਾਨ ਪਾਇਆ ਕਿ ਸਾਲ 2015-16 ਵਿੱਚ ਆਟਾ ਦਾਲ ਸਕੀਮ ਅਧੀਨ ਆਟਾ-ਦਾਲ ਦੀ ਵੰਡ ਦੌਰਾਨ ਨਵੀਨ ਕੁਮਾਰ ਨੇ ਸਰਕਾਰੀ ਖ਼ਜਾਨੇ ਨੂੰ ਸਿੱਧਾ-ਸਿੱਧਾ 2,20,52,042 ਰੁਪਏ ਦਾ ਖ਼ੋਰਾ ਲਾਇਆ ਹੈ। ਉਸ ਨੇ ਇਸ ਸਕੀਮ ਤਹਿਤ ਯੂਕੋ ਬੈਂਕ ਦੇ ਖਾਤੇ ਵਿੱਚ 43,74,98,681 ਰੁਪਏ ਜਮ੍ਹਾਂ ਕਰਵਾਉਣ ਦੀ ਬਜਾਏ ਸਿਰਫ਼ 38,38,88,711 ਰੁਪਏ ਹੀ ਜਮ੍ਹਾਂ ਕਰਵਾਏ। ਇਸ ਤਰ੍ਹਾਂ ਉਕਤ ਦੋਸ਼ੀ ਨੇ ਪਨਸਪ ਦੇ ਹੋਰ ਮੁਲਾਜਮਾਂ ਨਾਲ ਗੰਢ-ਤੁਪ ਕਰਕੇ 5,36,09,979 ਰੁਪਏ ਦਾ ਗਬਨ ਕੀਤਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਨਵੀਨ ਕੁਮਾਰ ਨੇ ਪਨਸਪ ਵਿੱਚ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਨਿਰਧਾਰਤ ਸੇਵਾ ਨਿਯਮਾਂ ਨੂੰ ਅਣਗੌਲਿਆਂ ਕਰਦੇ ਹੋਏ ਵਿਭਾਗ ਦੇ ਵੱਖ-ਵੱਖ ਮੁਲਾਜਮਾਂ ਨੂੰ ਜਾਰੀ ਕੀਤੀਆਂ ਚਾਰਜਸ਼ੀਟਾਂ ਰਫਾ ਦਫਾ ਕੀਤੀਆਂ, ਜਿਸ ਨਾਲ ਸੂਬਾ ਸਰਕਾਰ ਨੂੰ 64,64,36,854 ਰੁਪਏ ਦਾ ਨੁਕਸਾਨ ਹੋਇਆ।

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਵੀਨ ਕੁਮਾਰ ਕੋਲ ਪਨਸਪ ਦੇ ਮੈਨੇਜਰ ਵਜੋਂ ਚੁਣੇ ਜਾਣ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਵੀ ਨਹੀਂ ਸੀ ਪਰ ਫਿਰ ਉਹ ਮੈਨੇਜਰ ਵਜੋਂ ਚੁਣੇ ਜਾਣ ਵਿੱਚ ਸਫ਼ਲ ਰਿਹਾ ਜਦਕਿ ਬਾਕੀ ਉਮੀਦਵਾਰਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।

ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਐਫ.ਆਈ.ਆਰ. ਨੰ. 25 ਮਿਤੀ 22-11-2022 ਤਹਿਤ ਵਿਜੀਲੈਂਸ ਬਿਊਰੋ ਥਾਣਾ, ਉਡਣ ਦਸਤਾ-1, ਐਸ.ਏ.ਐਸ. ਨਗਰ ਵਿਖੇ ਆਈ.ਪੀ.ਸੀ. ਦੀ ਧਾਰਾ 409, 420, 465, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਅਤੇ 13(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਭੇਜ ਦਿੱਤੀਆਂ ਗਈਆਂ ਹਨ।

Written By
The Punjab Wire