ਪਿੰਡ ਬੂਲੇਵਾਲ ਦੀ ਖੂਬਸੂਰਤੀ ਦੇਖ ਕੇ ਪੈਂਦਾ ਹੈ ਕਿਸੇ ਵਿਕਸਤ ਸ਼ਹਿਰ ਦੀ ਸਭ ਤੋਂ ਖੂਬਸੂਰਤ ਕਲੋਨੀ ਦਾ ਭੁਲੇਖਾ
ਗੁਰਦਾਸਪੁਰ, 22 ਨਵੰਬਰ (ਮੰਨਣ ਸੈਣੀ ) । ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੇਵਾਲ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ। ਇਸ ਪਿੰਡ ਨੂੰ ਦੇਖ ਕੇ ਕਿਸੇ ਵਿਕਸਤ ਸ਼ਹਿਰ ਦੀ ਸਭ ਤੋਂ ਖੂਬਸੂਰਤ ਕਲੋਨੀ ਦਾ ਭੁਲੇਖਾ ਪੈਂਦਾ ਹੈ। ਪਿੰਡ ਦੀ ਇਸ ਬਦਲੀ ਨੁਹਾਰ ਪਿੱਛੇ ਪਿੰਡ ਬੂਲੇਵਾਲ ਦੇ ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਦਾ ਯੋਗਦਾਨ ਹੈ ਅਤੇ ਉਸਨੇ ਕਰੀਬ 75 ਲੱਖ ਰੁਪਏ ਪਿੰਡ ਦੀ ਨੁਹਾਰ ਬਦਲਣ ਲਈ ਆਪਣੇ ਕੋਲੋਂ ਖਰਚ ਕੀਤੇ ਹਨ।
ਪਿੰਡ ਬੂਲੇਵਾਲ ਦੇ ਵਸਨੀਕ ਨਰਿੰਦਰ ਸਿੰਘ ਰੰਧਾਵਾ ਅਤੇ ਮਨਜੀਤ ਕੌਰ ਰੰਧਾਵਾ ਦਾ ਜਾਇਆ ਗੁਰਜੀਤ ਸਿੰਘ ਸਾਬ ਪਿਛਲੇ ਲੰਮੇ ਸਮੇਂ ਤੋਂ ਯੂਰਪ ਦੇ ਵਿਕਸਤ ਦੇਸ ਨਾਰਵੇ ਵਿੱਚ ਆਪਣੀ ਮਿਹਨਤ ਦੇ ਬਲਬੂਤੇ ਭਾਵੇਂ ਸਾਹਬ ਤਾਂ ਬਣ ਗਿਆ ਸੀ ਪਰ ਉਸਨੂੰ ਆਪਣੀਆਂ ਜੜ੍ਹਾਂ ਦਾ ਮੋਹ ਆਪਣੇ ਪਿੰਡ ਲਈ ਹਮੇਸ਼ਾਂ ਕੁਝ ਕਰਨ ਦੀ ਪ੍ਰੇਰਨਾ ਦਿੰਦਾ ਰਹਿੰਦਾ ਸੀ।
ਸਾਲ 2014 ਵਿੱਚ ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਸੀ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਵਿਕਾਸ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਪਿੰਡ ਦੀਆਂ ਸੜਕਾਂ ਕਿਨਾਰੇ ਰੂੜੀਆਂ ਨੂੰ ਚੁੱਕਿਆ ਗਿਆ ਅਤੇ ਸਾਂਝੀਆਂ ਥਾਵਾਂ ਅਤੇ ਸੜਕਾਂ ਕਿਨਾਰੇ 2000 ਦੇ ਕਰੀਬ ਫ਼ਲਾਂ ਦੇ ਅਤੇ ਛਾਂਦਾਰ ਬੂਟੇ ਲਗਾਏ ਗਏ। ਪਿੰਡ ਦੇ ਖੇਡ ਮੈਦਾਨ ਦੀ ਨੁਹਾਰ ਬਦਲੀ ਗਈ। ਬੱਚਿਆਂ ਦੇ ਖੇਡਣ ਲਈ ਵਧੀਆ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਅਤੇ ਉਨ੍ਹਾਂ ਵਿੱਚ ਝੂਲੇ ਲਗਾਏ ਗਏ। ਪਿੰਡ ਦੇ ਸ਼ਹੀਦ ਜਵਾਨ ਨਵਜੀਤ ਸਿੰਘ ਦੀ ਯਾਦ ਵਿਚ ਵੀ ਇੱਕ ਖੂਬਸੂਰਤ ਪਾਰਕ ਬਣਾਈ ਗਈ ਹੈ। ਪਿੰਡ ਵਾਸੀਆਂ ਦੇ ਬੈਠਣ ਲਈ ਪਿੰਡ ਦੇ ਵੱਖ-ਵੱਖ ਥਾਵਾਂ ’ਤੇ 65 ਦੇ ਕਰੀਬ ਕੁਰਸੀਆਂ ਅਤੇ ਛੱਤਰੀਆਂ ਲਗਾਈਆਂ ਗਈਆਂ। ਪਿੰਡ ਦੀ ਡਿਸਪੈਂਸਰੀ ਨੂੰ ਖੂਬਸੂਰਤ ਦਿੱਖ ਦਿੱਤੀ ਗਈ ਅਤੇ ਪਿੰਡ ਵਿੱਚ ਤਿੰਨ ਬੱਸ ਸਟਾਪ ਬਣਾਏ ਗਏ ਹਨ। ਪਿੰਡ ਦੀ ਹਰ ਗਲੀ-ਮੋੜ ’ਤੇ ਸਾਈਨ ਬੋਰਡ ਲਗਾਏ ਗਏ ਹਨ।
ਪਿੰਡ ਬੂਲੇਵਾਲ ਵਿੱਚ 40 ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦੀ ਬਦੌਲਤ ਰਾਤ ਸਮੇਂ ਪਿੰਡ ਪੂਰਾ ਰੁਸ਼ਨਾਉਨਦਾ ਹੈ। ਪਾਰਕਾਂ ਦੀ ਸਾਂਭ-ਸੰਭਾਲ ਲਈ ਇਕ ਮਾਲੀ ਅਤੇ ਇਕ ਵਰਕਰ ਪੱਕੇ ਤੌਰ ’ਤੇ ਰੁੱਖੇ ਹੋਏ ਹਨ ਜਿੰਨਾਂ ਦੀ ਤਨਖਾਹ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਵਲੋਂ ਦਿੱਤੀ ਜਾਂਦੀ ਹੈ।
ਪਿੰਡ ਬੂਲੇਵਾਲ ਦੇ ਵਿਕਾਸ ਸਬੰਧੀ ਗੱਲ ਕਰਦਿਆਂ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਨੇ ਕਿਹਾ ਕਿ ਭਾਂਵੇਂ ਉਹ ਲੰਮੇ ਸਮੇਂ ਤੋਂ ਨਾਰਵੇ ਰਹਿ ਰਹੇ ਹਨ ਪਰ ਉਨ੍ਹਾਂ ਦੀ ਰੂਹ ਅੱਜ ਵੀ ਆਪਣੇ ਪਿੰਡ ਬੂਲੇਵਾਲ ਹੀ ਵੱਸਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਯੂਰਪ ਦੇ ਖੂਬਸੂਰਤ ਸ਼ਹਿਰਾਂ ਤੇ ਪਿੰਡਾਂ ਨੂੰ ਦੇਖਦੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਸੀ ਕਿ ਆਖਰ ਉਨ੍ਹਾਂ ਦੇ ਪਿੰਡ ਕਿਉਂ ਨਹੀਂ ਵਿਕਸਤ ਤੇ ਖੂਬਸੂਰਤ ਹੋ ਸਕਦੇ? ਇਸੇ ਮਕਸਦ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦੀ ਸੋਚੀ ਸੀ ਅਤੇ ਉਸ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਹ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣ ਵਿੱਚ ਕਾਮਯਾਬ ਹੋਏ ਹਨ। ਸਾਬ ਬੂਲੇਵਾਲੀਆ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਪਣੇ ਪਿੰਡ ਬੂਲੇਵਾਲ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ। ਓਧਰ ਬੂਲੇਵਾਲ ਪਿੰਡ ਦੇ ਵਸਨੀਕ ਆਪਣੇ ਪਿੰਡ ਦੀ ਬਦਲੀ ਨੁਹਾਰ ਤੋਂ ਬੇਹੱਦ ਖੁਸ਼ ਹਨ।