ਗੁਰਦਾਸਪੁਰ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਸੁਲਝਾਇਆ, ਲੋਕਾਂ ਦਾ ਵਧਿਆ ਵਿਸ਼ਵਾਸ
ਗੁਰਦਾਸਪੁਰ, 19 ਨਵੰਬਰ (ਮੰਨਣ ਸੈਣੀ)। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਨਾਮਜ਼ਦ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੋਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ 14 ਦਿਨਾਂ ਲਈ ਜੂਡੀਸ਼ੀਅਲ ਰਿਮਾਂਡ ਵਿੱਚ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਵਿਵਾਦਤ ਬਿਆਨ ਦੇਣ ਦੇ ਦੋਸ਼ ਹੇਠ ਸੋਨੀ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿਖੇ ਧਾਰਾ 295-ਏ, 505 ਅਤੇ 505 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਨੇ ਸਵੇਰੇ ਹੀ ਐਸਐਸਪੀ ਨੂੰ ਸੋਨੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਸੀ। ਇਸ ਮੌਕੇ ਇੰਦਰਪਾਲ ਸਿੰਘ ਬੈਂਸ, ਸਤਨਾਮ ਸਿੰਘ, ਬਾਬਾ ਨਸੀਬ ਸਿੰਘ ਆਦਿ ਨੇ ਕਿਹਾ ਕਿ ਸ਼ਿਵ ਸੈਨਾ ਸੋਨੀ ਨੇ ਕੁਝ ਦਿਨ ਪਹਿਲਾਂ ਵਿਵਾਦਤ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਸੋਨੀ ਖਿਲਾਫ ਮਾਮਲਾ ਤਾ ਦਰਜ ਕੀਤਾ ਗਿਆ ਸੀ। ਪਰ ਸੋਨੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੋਨੀ ਆਜ਼ਾਦ ਘੁੰਮ ਰਿਹਾ ਹੈ ਅਤੇ ਸਬੂਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੋਨੀ ਦੀ ਗ੍ਰਿਫ਼ਤਾਰੀ ਨਾ ਹੋਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ, ਕਿਉਂਕਿ ਉਹ ਲੋਕਾਂ ਨੂੰ ਕਹਿ ਰਿਹਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਸੀ ਕਿ ਸੋਨੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਉਹ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਦੇਣ ਲਈ ਮਜਬੂਰ ਹੋਣਗੇ। ਜਿਸ ਤੋਂ ਬਾਅਦ ਦੁਪਹਿਰ ਤੱਕ ਪੁਲਿਸ ਨੇ ਸੋਨੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ।
ਜੇਲ੍ਹ ਵਿੱਚ ਵੀ ਹਰਵਿੰਦਰ ਸੋਨੀ ਦੀ ਸੁਰੱਖਿਆ ਹੋਵੇਗੀ ਸਖ਼ਤ
ਬੇਸ਼ੱਕ ਹਰਵਿੰਦਰ ਸੋਨੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪਰ ਜੇਲ੍ਹ ਪ੍ਰਸ਼ਾਸਨ ਸੋਨੀ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ। ਉਧਰ, ਗੁਰਦਾਸਪੁਰ ਜੇਲ੍ਹ ਦੇ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨੇ ਫ਼ੋਨ ’ਤੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਲ ‘ਚ ਵੀ ਸੋਨੀ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਕਿਓੁਕਿ ਸੋਨੀ ਪਹਿਲ੍ਹਾ ਤੋਂ ਹੀ ਵੱਖਵਾਦੀਆਂ ਦੇ ਨਿਸ਼ਾਨੇ ਤੇ ਰਹੇ ਹਨ ਅਤੇ ਪਹਿਲ੍ਹਾਂ ਵੀ ਉਨ੍ਹਾਂ ਤੇ ਜਾਨਲੇਵਾ ਹਮਲਾ ਹੋ ਚੁੱਕਾ ਹੈ। ਸੋਨੀ ਨੂੰ ਹੋਰ ਮੁਜਰਿਮਾਂ ਤੋਂ ਅਲੱਗ ਰੱਖਿਆ ਜਾ ਸਕਦਾ ਕਿਉਕਿ ਜੇਲ ਪ੍ਰਸ਼ਾਸਨ ਕੋਈ ਵੀ ਰਿਸਕ ਚੁੱਕਣਾ ਨਹੀਂ ਚਾਹੁੰਦਾ।
ਗੁਰਦਾਸਪੁਰ ਪੁਲਿਸ ਵਲੋਂ ਇਸ ਸੰਵੇਦਨਸ਼ੀਲ ਮਸਲੇ ਨੂੰ ਬੜੀ ਗੰਭੀਰਤਾ ਨਾਲ ਸੁਲਝਾਇਆ, ਐਸਐਸਪੀ ਦੀਪਕ ਹਿਲੌਰੀ ਨੇ ਨਿਭਾਈ ਅਹਿਮ ਭੂਮਿਕਾ
ਇਸ ਪੂਰੇ ਘਟਨਾਕ੍ਰਮ ਦੌਰਾਨ ਜਿੱਥੇ ਆਮ ਲੋਕਾਂ ਨੇ ਗੁਰਦਾਸਪੁਰ ‘ਚ ਸ਼ਾਂਤੀ ਬਣਾਈ ਰੱਖਣ ‘ਚ ਪੂਰਾ ਸਹਿਯੋਗ ਦਿੱਤਾ, ਉੱਥੇ ਹੀ ਗੁਰਦਾਸਪੁਰ ਪੁਲਿਸ ਅਤੇ ਖਾਸ ਕਰਕੇ ਐੱਸਐੱਸਪੀ ਦੀਪਕ ਹਿਲੋਰੀ ਨੇ ਇਸ ‘ਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਅਤਿ ਸੰਵੇਦਨਸ਼ੀਲ ਮਸਲੇ ਨੂੰ ਬੜੀ ਗੰਭੀਰਤਾ ਅਤੇ ਪੂਰੀ ਤਰ੍ਹਾਂ ਕਾਨੂੰਨੀ ਪ੍ਰਕ੍ਰਿਆ ਰਾਹੀ ਕੱਢ ਕੇ ਸ਼ਾਂਤ ਕੀਤਾ ਗਿਆ।
ਸੋਨੀ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਅਤੇ ਉਸ ਵਲੋਂ ਸਪਸ਼ਟੀਕਰਨ ਦੇਣ ਅਤੇ ਮੁਆਫੀ ਮੰਗਣ ਤੋਂ ਬਾਅਦ ਵੀ ਜਦ ਨਿਹੰਗ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਰੋਹ ਵੱਧ ਰਿਹਾ ਸੀ ਤਾਂ ਪੁਲਿਸ ਵੱਲੋਂ ਸੱਭ ਤੋਂ ਪਹਿਲ੍ਹਾਂ ਸ਼ਹਿਰੀਆਂ ਦੀ ਸੁਰਖਿਆ ਤੇ ਧਿਆਨ ਦਿੱਤਾ ਗਿਆ ਅਤੇ ਨਾਲ ਨਾਲ ਸੋਸ਼ਲ ਮੀਡੀਆ ਤੇ ਵੀ ਕੜੀ ਨਜ਼ਰ ਰੱਖੀ ਗਈ। ਹਰ ਚੌਕ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਸਿਰ ਨਾ ਚੁੱਕ ਸਕੇ। ਦੂਜੇ ਪਾਸੇ ਇਸ ਜਲਦਬਾਜੀ ਵਿੱਚ ਕੇਸ ਦਰਜ ਕਰਨ ਦੀ ਬਜਾਏ , ਬਿਨਾਂ ਕਿਸੇ ਦਾ ਪੱਖ ਲਏ ਡੀ.ਏ ਲੀਗਲ ਦੀ ਰਾਏ ਲੈਕੇ ਪੂਰੀ ਤਰ੍ਹਾਂ ਕਾਨੂੰਨੀ ਪ੍ਰਕ੍ਰਿਰਿਆ ਦਾ ਪਾਲਨ ਕਰ ਸੋਨੀ ਖ਼ਿਲਾਫ਼ ਕੇਸ ਦਰਜ ਕਰਕੇ ਸਿੱਖ ਕੌਮ ਦੇ ਲੋਕਾਂ ਦਾ ਭਰੋਸਾ ਹਾਸਲ ਕਰਕੇ ਉਨ੍ਹਾਂ ਦਾ ਧਰਨਾ ਸਮਾਪਤ ਕਰਵਾਇਆ ਗਿਆ।
ਧਰਨੇ ਤੋਂ ਬਾਅਦ ਸੋਨੀ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਹਵਾ ਦੇ ਰੁਖ ਦਾ ਇੰਤਜਾਰ ਕੀਤਾ ਗਿਆ। ਪਰ ਦੂਜੇ ਪਾਸੇ ਸ਼ੋਸ਼ਲ ਮੀਡੀਆ ਅਤੇ ਸਿੱਖ ਭਾਈਚਾਰੇ ਦੇ ਇੱਕ ਸਮੂਹ ਵੱਲੋਂ ਮੰਗ ਪੱਤਰ ਦੇਣ ਤੋਂ ਬਾਅਦ ਸੋਨੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਦਾ ਪੁਲਿਸ ਪ੍ਰਤੀ ਵਿਸ਼ਵਾਸ ਹੋਰ ਵਧ ਗਿਆ ਹੈ।