ਗੁਰਦਾਸਪੁਰ, 18 ਨਵੰਬਰ (ਮੰਨਣ ਸੈਣੀ) । ਪੰਜਾਬ ਸਰਕਾਰ ਅਤੇ ਸ਼ੂਗਰਫੈੱਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦਾ ਪਿੜਾਈ ਸੀਜਨ 2022-23 ਮਿਤੀ 25 ਨਵੰਬਰ 2022 ਤੋਂ ਆਰੰਭ ਹੋ ਰਿਹਾ ਹੈ, ਜਿਸ ਦਾ ਉਦਘਾਟਨ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੇ ਜਨਰਲ ਮੈਨੇਜਰ ਸ਼੍ਰੀ ਪਵਨ ਕੁਮਾਰ ਭੱਲਾ ਨੇ ਦੱਸਿਆ ਕਿ ਇਸ ਸਬੰਧੀ ਅੱਜ ਮਿੱਲ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਪਾਠ ਦੇ ਭੋਗ ਉਪਰੰਤ ਜਨਰਲ ਮੈਨੇਜਰ ਜੀ ਵੱਲੋ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਲੇਬਰ ਦਾ ਪ੍ਰਬੰਧ ਕਰ ਲੈਣ ਤਾਂ ਜੋ ਕੰਲੈਡਰ ਚਲਾਉਣ ਵਿੱਚ ਕੋਈ ਮੁਸਕਿਲ ਪੇਸ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਚੀਆਂ ਕੰਲੈਡਰ ਅਨੁਸਾਰ ਹੀ ਦਿੱਤੀਆਂ ਜਾਣਗੀਆਂ।
ਮਿੱਲ ਦੇ ਮੁੱਖ ਗੰਨਾ ਵਿਕਾਸ ਅਫਸਰ ਸ਼੍ਰੀ ਰਾਜ ਕਮਲ ਵੱਲੋ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਚੀ ਆਉਣ ’ਤੇ ਹੀ ਗੰਨੇ ਦੀ ਛਿਲਾਈ ਕੀਤੀ ਜਾਵੇ ਅਤੇ ਮਿੱਲ ਨੂੰ ਗੰਨਾ ਤਾਜਾ, ਸਾਫ- ਸੁੱਥਰਾਂ, ਆਗ-ਖੋਰੀ ਅਤੇ ਕੱਚੀ ਪੋਰੀ ਰਹਿਤ ਸਪਲਾਈ ਕੀਤਾ ਜਾਵੇ।
ਇਸ ਮੌਕੇ ਤੇ ਸ੍ਰੀ ਸੰਦੀਪ ਸਿੰਘ, ਇੰਜਨੀਅਰ-ਕਮ- ਪ੍ਰਚੇਜ ਅਫਸਰ, ਸ੍ਰੀ ਆਈ.ਪੀ.ਐਸ. ਭਾਟੀਆਂ ਚੀਫ ਕੈਮਸਿਟ, ਸ਼੍ਰੀ ਕੁਲਦੀਪ ਸਿੰਘ, ਡਿਪਟੀ ਚੀਫ ਇੰਜਨੀਅਰ, ਸ੍ਰੀ ਐਸ.ਕੇ. ਮਲਹੋਤਰਾ, ਡਿਪਟੀ ਚੀਫ ਅਕਾਊਟਸ ਅਫਸਰ, ਸ੍ਰੀ ਚਰਨਜੀਤ ਸਿੰਘ, ਸੁਪਰਡੈਂਟ, ਸ਼੍ਰੀ ਰਾਜ ਕਮਲ ਮੁੱਖ ਗੰਨਾ ਵਿਕਾਸ ਅਫਸਰ ਅਤੇ ਸਮੂਹ ਫੀਲਡ ਸਟਾਫ ਵੀ ਹਾਜ਼ਰ ਸਨ।