ਗੁਰਦਾਸਪੁਰ, 18 ਨਵੰਬਰ (ਮੰਨਣ ਸੈਣੀ)। ਪਿੰਡ ਅਵਾਂਖਾ ਦੇ ਲੋਕਾਂ ਨੇ ਤਿੰਨ ਨੌਜਵਾਨਾਂ ਨੂੰ ਮੌਕੇ ਤੇ ਨਸ਼ੇ ਦੇ ਟੀਕੇ ਲਗਾਉਣ ਸਮੇਂ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਥਾਣਾ ਦੀਨਾਨਗਰ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਲਾਈਟਾਂ ਵਾਲੇ ਚੌਕ ਵਿੱਚ ਮੌਜੂਦ ਸਨ। ਇਸ ਦੌਰਾਨ ਥਾਣਾ ਸਦਰ ਤੋਂ ਸੂਚਨਾ ਮਿਲੀ ਕਿ ਪਿੰਡ ਪੁਰਾਣੀ ਆਬਾਦੀ ਅਵਾਂਖਾ ਦੇ ਸ਼ਮਸ਼ਾਨਘਾਟ ਦੇ ਅੱਗੇ ਖੇਤਾਂ ‘ਚ ਤਿੰਨ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਨੇ ਨਸ਼ੇ ਦੇ ਟੀਕੇ ਲਗਾਉਂਦੇ ਹੋਏ ਕਾਬੂ ਕੀਤਾ ਹੈ। ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਠਾਕੁਰਪੁਰ , ਮੁਨੀਸ਼ ਸ਼ਰਮਾ ਵਾਸੀ ਗਹਿਲੜੀ ਅਤੇ ਸ਼ਰਨਜੀਤ ਸਿੰਘ ਵਾਸੀ ਗੰਜਾ ਵਜੋਂ ਦੱਸੀ। ਪਿੰਡ ਦੇ ਲੋਕਾਂ ਸਾਹਮਣੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਤਿੰਨ ਟੀਕੇ ਬਰਾਮਦ ਹੋਏ, ਜੋ ਕਿ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਨਾਲ ਭਰੇ ਹੋਏ ਸਨ। ਇਸ ਤੋਂ ਇਲਾਵਾ ਨੌਜਵਾਨਾ ਕੋਲੋਂ ਸਕੂਟਰੀ ਨੰਬਰ ਪੀ.ਬੀ.-06-ਬੀ.ਸੀ.-4786 ਬਰਾਮਦ ਹੋਈ। ਨੌਜਵਾਨਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।