ਹੋਰ ਗੁਰਦਾਸਪੁਰ ਪੰਜਾਬ

ਤਿੱਬੜੀ ਰੋਡ ’ਤੇ ਅੰਡਰਬ੍ਰਿਜ ਦਾ ਕੰਮ ਕੁਝ ਮਹੀਨਿਆਂ ਵਿੱਚ ਹੋ ਜਾਵੇਗਾ ਮੁਕੰਮਲ- ਵਿਧਾਇਕ ਪਾਹੜਾ

ਤਿੱਬੜੀ ਰੋਡ ’ਤੇ ਅੰਡਰਬ੍ਰਿਜ ਦਾ ਕੰਮ ਕੁਝ ਮਹੀਨਿਆਂ ਵਿੱਚ ਹੋ ਜਾਵੇਗਾ ਮੁਕੰਮਲ- ਵਿਧਾਇਕ ਪਾਹੜਾ
  • PublishedNovember 17, 2022

ਰੇਲਵੇ ਵਿਭਾਗ ਦੀ ਤਕਨੀਕੀ ਟੀਮ ਨੇ ਆਰਜ਼ੀ ਰੇਲਵੇ ਲਾਈਨ ਵਿਛਾਈ

ਗੁਰਦਾਸਪੁਰ, 17 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ-ਮੁਕੇਰੀਆਂ ਰੋਡ ‘ਤੇ ਰੇਲਵੇ ਕਰਾਸਿੰਗ ‘ਤੇ ਬਣਨ ਵਾਲੇ ਅੰਡਰਬ੍ਰਿਜ ਦਾ ਕੰਮ ਹੁਣ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ | ਰੇਲਵੇ ਵਿਭਾਗ ਦੇ ਤਕਨੀਕੀ ਵਿੰਗ ਵੱਲੋਂ ਬੁੱਧਵਾਰ ਦੇਰ ਸ਼ਾਮ ਉਕਤ ਸਥਾਨ ‘ਤੇ ਪਹੁੰਚ ਕੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਹਾਜ਼ਰੀ ‘ਚ ਰੇਲ ਗੱਡੀਆਂ ਦੀ ਆਰਜ਼ੀ ਲਾਈਨ ਸ਼ੁਰੂ ਕਰ ਦਿੱਤੀ ਗਈ | ਜਿਸ ਤੋਂ ਬਾਅਦ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਮਾਰਚ ਮਹੀਨੇ ਤੱਕ ਪੁਲ ਪੂਰੀ ਤਰ੍ਹਾਂ ਤਿਆਰ ਹੋ ਕੇ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁੱਖ ਦੋ ਮੰਗਾਂ ਤਿੱਬੜੀ ਰੋਡ ’ਤੇ ਰੇਲਵੇ ਕਰਾਸਿੰਗ ’ਤੇ ਅੰਡਰਬ੍ਰਿਜ ਅਤੇ ਨਵਾਂ ਬੱਸ ਸਟੈਂਡ ਹੈ। ਜਿਸ ਤਹਿਤ ਉਨ੍ਹਾਂ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਦੋਵੇਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਆਪਣਾ ਵਾਅਦਾ ਪੂਰਾ ਕਰਦਿਆਂ ਉਪਰੋਕਤ ਦੋਵੇਂ ਪ੍ਰਾਜੈਕਟਾਂ ਲਈ ਸਾਰੀਆਂ ਗ੍ਰਾਂਟਾਂ ਸਬੰਧਤ ਵਿਭਾਗਾਂ ਨੂੰ ਦੇ ਦਿੱਤੀਆਂ ਸਨ। ਵਿਧਾਇਕ ਪਾਹੜਾ ਨੇ ਦੱਸਿਆ ਕਿ ਤਿੱਬੜੀ ਰੋਡ ’ਤੇ ਬਣਨ ਵਾਲੇ ਅੰਡਰਬ੍ਰਿਜ ’ਤੇ ਕਰੀਬ 23 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜਿਸ ਵਿੱਚੋਂ 11 ਕਰੋੜ ਰੁਪਏ ਰੇਲਵੇ ਵਿਭਾਗ ਨੂੰ ਦਿੱਤੇ ਗਏ ਹਨ। ਜਦਕਿ ਬਾਕੀ 12 ਕਰੋੜ ਰੁਪਏ ਪਿਛਲੀ ਕਾਂਗਰਸ ਸਰਕਾਰ ਵੇਲੇ ਹੀ ਲੋਕ ਨਿਰਮਾਣ ਵਿਭਾਗ ਨੂੰ ਜਾਰੀ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਪੁਲ ਦੇ ਨਿਰਮਾਣ ਲਈ ਕੁਝ ਸਮਗਰੀ ਦੀ ਘਾਟ ਕਾਰਨ ਪੁਲ ਦਾ ਕੰਮ ਕੁਝ ਦੇਰੀ ਨਾਲ ਪੂਰਾ ਹੋ ਰਿਹਾ ਹੈ। ਹਾਲਾਂਕਿ ਪੁਲ ਦੇ ਨਿਰਮਾਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਈ। ਕਿਉਂਕਿ ਸਾਰਾ ਪੈਸਾ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਬੰਧਤ ਵਿਭਾਗਾਂ ਨੂੰ ਦੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਦੇ ਤਕਨੀਕੀ ਵਿੰਗ ਵੱਲੋਂ ਅੰਡਰਬ੍ਰਿਜ ਉਪਰ ਆਰਜ਼ੀ ਰੇਲਵੇ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਪੁਲ ਦਾ ਕੰਮ ਪੂਰਾ ਹੋਣ ਤੱਕ ਰੇਲ ਗੱਡੀਆਂ ਉਸ ਆਰਜ਼ੀ ਰੇਲਵੇ ਲਾਈਨ ਤੋਂ ਲੰਘਣਗੀਆਂ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਅੰਡਰਬ੍ਰਿਜ ਦੇ ਹੇਠਾਂ ਬਣਾਏ ਜਾਣ ਵਾਲੇ ਸ਼ੈੱਡ ਨੂੰ ਤਿਆਰ ਕਰ ਲਿਆ ਗਿਆ ਹੈ, ਜਿਸ ਨੂੰ ਹੁਣ ਮਸ਼ੀਨਾਂ ਦੀ ਮਦਦ ਨਾਲ ਪੁਲ ਦੇ ਹੇਠਾਂ ਉਤਾਰਿਆ ਜਾਵੇਗਾ। ਜਿਸ ਤੋਂ ਬਾਅਦ ਪੁਲ ਦੀ ਉਸਾਰੀ ਦਾ ਕੰਮ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਅਗਲੇ ਕੁਝ ਮਹੀਨਿਆਂ ਦੌਰਾਨ ਪੁਲ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

Written By
The Punjab Wire