Close

Recent Posts

ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਭਗਵੰਤ ਮਾਨ ਨੇ ਚੀਨੀ ਡੋਰ ਨਾਲ ਹਾਲ ਹੀ ਵਿਚ ਵਾਪਰੀ ਦੁਖਦਾਇਕ ਘਟਨਾ ਦਾ ਲਿਆ ਗੰਭੀਰ ਨੋਟਿਸ

ਭਗਵੰਤ ਮਾਨ ਨੇ ਚੀਨੀ ਡੋਰ ਨਾਲ ਹਾਲ ਹੀ ਵਿਚ ਵਾਪਰੀ ਦੁਖਦਾਇਕ ਘਟਨਾ ਦਾ ਲਿਆ ਗੰਭੀਰ ਨੋਟਿਸ
  • PublishedNovember 15, 2022

ਮਾਨ ਸਰਕਾਰ ਨੇ ਚੀਨੀ ਡੋਰ ਵੇਚਣ ਤੇ ਵਰਤਣ ਵਾਲਿਆਂ ਦੇ ਖਿਲਾਫ਼ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਕਾਰਵਾਈ ਕਰਨ ਦੇ ਜਾਰੀ ਕੀਤੇ ਹੁਕਮ-ਮੀਤ ਹੇਅਰ

ਰੋਪੜ ਵਿਖੇ ਬੱਚੇ ਦੀ ਦੁਖਦਾਇਕ ਮੌਤ ਦੀ ਘਟਨਾ ਦਾ ਮੁੱਖ ਮੰਤਰੀ ਨੇ ਗੰਭੀਰ ਨੋਟਿਸ ਲੈਂਦਿਆਂ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਲਈ ਆਖਿਆ

ਚੀਨੀ ਡੋਰ ਵੇਚਣ ਵਾਲੇ ਮਨੁੱਖਤਾ ਦੇ ਦੁਸ਼ਮਣ, ਮੀਤ ਹੇਅਰ ਵੱਲੋਂ ਅਪੀਲ- ਮਾਪੇ ਵੀ ਆਪਣੇ ਬੱਚਿਆਂ ਨੂੰ ਡੋਰ ਨਾਲ ਹੁੰਦੇ ਨੁਕਸਾਨ ਬਾਰੇ ਸਮਝਾਉਣ

ਚੰਡੀਗੜ੍ਹ, 15 ਨਵੰਬਰ(ਦੀ ਪੰਜਾਬ ਵਾਇਰ)। ਪੰਜਾਬ ਵਿਚ ਚੀਨੀ ਡੋਰ ਨਾਲ ਹਾਲ ਹੀ ਵਿਚ ਵਾਪਰੀ ਦੁਖਦਾਇਕ ਘਟਨਾ ਦਾ ਗੰਭੀਰ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਚੀਨੀ ਡੋਰ ਵੇਚਣ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਵੁਕ ਹੁੰਦਿਆਂ ਕਿਹਾ, “ਬੀਤੇ ਦਿਨ ਰੋਪੜ ਵਿਖੇ 13 ਸਾਲਾ ਬੱਚੇ ਗੁਲਸ਼ਨ ਦੀ ਚੀਨੀ ਡੋਰ ਕਾਰਨ ਮੌਤ ਹੋ ਗਈ ਜਦਕਿ ਇਹ ਬੱਚਾ ਸਾਈਕਲ ਉਤੇ ਜਾ ਰਿਹਾ ਸੀ ਜਿਸ ਕਰਕੇ ਉਸ ਦਾ ਕੋਈ ਕਸੂਰ ਵੀ ਨਹੀਂ ਸੀ। ਪਿਛਲੇ ਸਮੇਂ ਵਿਚ ਚੀਨੀ ਡੋਰ ਨਾਲ ਸਾਡੇ ਬੱਚਿਆਂ, ਬਜ਼ੁਰਗਾਂ ਅਤੇ ਹੋਰ ਜੀਵ-ਜੰਤੂਆਂ ਦਾ ਬਹੁਤ ਨੁਕਸਾਨ ਹੋਇਆ। ਮੁੱਖ ਮੰਤਰੀ ਨੇ ਇਸ ਦੁਖਦਾਇਕ ਘਟਨਾ ਦਾ ਗੰਭੀਰ ਨੋਟਿਸ ਲਿਆ ਅਤੇ ਮਨੁੱਖੀ ਜਾਨਾਂ ਜ਼ੋਖਮ ਵਿਚ ਪਾਉਣ ਵਾਲੇ ਅਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਕਦਮ ਉਠਾਉਣ ਦੇ ਹੁਕਮ ਦਿੱਤੇ ਹਨ।”

ਮੀਤ ਹੇਅਰ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਅਜਿਹੇ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਲਿਹਾਜ਼ ਨਹੀਂ ਵਰਤਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਕਰੜੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਸੂਬੇ ਵਿਚ ਚੀਨੀ ਡੋਰ ਵੇਚਣ ਤੇ ਵਰਤਣ ਉਤੇ ਮੁਕੰਮਲ ਤੌਰ ’ਤੇ ਪਾਬੰਦੀ ਹੈ ਅਤੇ ਇੱਥੋਂ ਤੱਕ ਕਿ ਸੂਬੇ ਵਿਚ ਇਸ ਦੀ ਮੈਨੂਫੈਕਚਰਿੰਗ ਕਰਨ ਦਾ ਵੀ ਇਕ ਵੀ ਯੂਨਿਟ ਨਹੀਂ ਹੈ ਪਰ ਫੇਰ ਵੀ ਕੁਝ ਲੋਕ ਦੂਜੇ ਸੂਬਿਆਂ ਤੋਂ ਡੋਰ ਲਿਆ ਕੇ ਵੇਚਣ ਦੇ ਗੈਰ-ਕਾਨੂੰਨੀ ਕੰਮ ਨੂੰ ਅੰਜ਼ਾਮ ਦੇ ਰਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਇਹ ਡੋਰ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਜਾਂ ਤਾਂ ਇਸ ਦੀ ਵਿਕਰੀ ਤੁਰੰਤ ਬੰਦ ਕਰ ਦੇਣ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਚੀਨੀ ਡੋਰ ਵੇਚਣ ਵਾਲਿਆਂ ਨੂੰ ਮਨੁੱਖਤਾ ਦੇ ਦੁਸ਼ਮਣ ਦੱਸਦੇ ਹੋਏ ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਡੋਰ ਨੂੰ ਵੇਚਣ ਤੇ ਵਰਤਣ ਵਾਲਿਆਂ ਦੀ ਸ਼ਿਕਾਇਤ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਸਥਾਨਕ ਸਰਕਾਰਾਂ ਬਾਰੇ ਦਫਤਰ ਵਿਚ ਕੀਤੀ ਜਾਵੇ ਤਾਂ ਕਿ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਲਈ ਇਸ ਦੀ ਵਰਤੋਂ ਨਾ ਕਰਨ ਦੇਣ ਅਤੇ ਇਸ ਨਾਲ ਹੁੰਦੇ ਨੁਕਸਾਨ ਬਾਰੇ ਜਾਣੂੰ ਕਰਵਾਉਣ।

Written By
The Punjab Wire