ਹੋਰ ਗੁਰਦਾਸਪੁਰ

ਸਵਰਗੀ ਖੁਸ਼ਹਾਲ ਬਹਿਲ ਦੇ 95ਵੇਂ ਜਨਮ ਦਿਨ ਮੌਕੇ ਸਮਰਪਣ ਦਿਵਸ ਮਨਾਇਆ ਗਿਆ

ਸਵਰਗੀ ਖੁਸ਼ਹਾਲ ਬਹਿਲ ਦੇ 95ਵੇਂ ਜਨਮ ਦਿਨ ਮੌਕੇ ਸਮਰਪਣ ਦਿਵਸ ਮਨਾਇਆ ਗਿਆ
  • PublishedNovember 11, 2022

ਖੂਨਦਾਨ ਕੈਂਪ ਲਗਾਉਣ ਦੇ ਨਾਲ ਸ਼ਹੀਦ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਸ੍ਰੀ ਖੁਸ਼ਹਾਲ ਬਹਿਲ ਦੀ ਇਮਾਨਦਾਰੀ ਅਤੇ ਨੇਕ ਨੀਅਤੀ ਨੂੰ ਅੱਜ ਵੀ ਲੋਕ ਕਰਦੇ ਹਨ ਯਾਦ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 11 ਨਵੰਬਰ ( ਮੰਨਣ ਸੈਣੀ) । ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਆਪਣੇ ਪਿਤਾ ਸਵਰਗੀ ਸ੍ਰੀ ਖੁਸ਼ਹਾਲ ਬਹਿਲ, ਸਾਬਕਾ ਮੰਤਰੀ, ਪੰਜਾਬ ਸਰਕਾਰ ਦੇ 95ਵੇਂ ਜਨਮ ਦਿਨ ਮੌਕੇ ਅੱਜ ਗੁਰਦਾਸਪੁਰ ਪਬਲਿਕ ਸਕੂਲ, ਬਹਿਰਾਮਪੁਰ ਰੋਡ, ਗੁਰਦਾਸਪੁਰ ਵਿਖੇ ਸਮਰਪਣ ਦਿਵਸ ਮਨਾਇਆ ਗਿਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਸਵਰਗੀ ਸ੍ਰੀ ਖੁਸ਼ਹਾਲ ਬਹਿਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਸਮਰਪਣ ਦਿਵਸ ਮੌਕੇ ਆਪਣੇ ਪਿਤਾ ਸਵਰਗੀ ਸ੍ਰੀ ਖੁਸ਼ਹਾਲ ਬਹਿਲ ਨੂੰ ਯਾਦ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਇਮਾਨਦਾਰੀ ਅਤੇ ਨੇਕ ਨੀਅਤੀ ਨਾਲ ਲੋਕਾਂ ਦੀ ਸੇਵਾ ਕੀਤੀ ਸੀ ਅਤੇ ਉਨ੍ਹਾਂ ਵੱਲੋਂ ਕੀਤੇ ਨੇਕ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਸ੍ਰੀ ਬਹਿਲ ਨੇ ਕਿਹਾ ਕਿ ਇਮਾਨਦਾਰੀ, ਲੋਕ ਸੇਵਾ ਅਤੇ ਉੱਚੀਆਂ ਇਖਲਾਕੀ ਕਦਰਾਂ-ਕੀਮਤਾਂ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਪਿਤਾ ਜੀ ਤੋਂ ਮਿਲੀ ਹੈ ਅਤੇ ਉਹ ਪੂਰੀ ਨੇਕ ਨੀਅਤੀ ਨਾਲ ਆਪਣੇ ਪਿਤਾ ਜੀ ਦੀ ਇਮਾਨਦਾਰੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਇਲਾਕੇ ਅਤੇ ਸੂਬੇ ਦੀ ਸੇਵਾ ਕਰਦੇ ਰਹਿਣਗੇ।

ਇਸ ਦੌਰਾਨ ਸਵਰਗੀ ਸ੍ਰੀ ਖੁਸ਼ਹਾਲ ਬਹਿਲ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਸ੍ਰੀ ਖੁਸ਼ਹਾਲ ਬਹਿਲ ਦੇ ਪੋਤਰਿਆਂ ਧਰੁਵ ਬਹਿਲ, ਕਬੀਰ ਬਹਿਲ ਅਤੇ ਦੇਵ ਬਹਿਲ ਦੇ ਖੁਨ ਦਾਨ ਕਰਕੇ ਕੀਤੀ। ਇਸ ਤੋਂ ਬਾਅਦ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਦੇ ਵਲੰਟੀਅਰਜ਼ ਅਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ 68 ਯੂਨਿਟ ਖੂਨ ਦਾਨ ਕੀਤਾ ਗਿਆ। ਸਾਰੇ ਖੁਨ ਦਾਨ ਕਰਨ ਵਾਲੇ ਵਲੰਟੀਅਰਜ਼ ਦੀ ਇਸ ਨੇਕ ਕਾਰਜ ਲਈ ਸ਼ਲਾਘਾ ਕੀਤੀ ਗਈ। ਇਸ ਮੌਕੇ ਸ੍ਰੀ ਰਮਨ ਬਹਿਲ ਵੱਲੋਂ 15 ਸ਼ਹੀਦੀ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਸ਼ਹੀਦ ਪਰਿਵਾਰ ਕਲਿਆਣ ਸੰਮਤੀ ਦੇ ਪ੍ਰਧਾਨ ਰਵਿੰਦਰ ਵਿੱਕੀ, ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰ ਸ੍ਰੀ ਤਰੁਨ ਮਹਾਜਨ ਸਮੇਤ ਹੋਰ ਵੀ ਮੋਹਤਬਰ ਵਿਅਕਤੀ ਹਾਜ਼ਰ ਸਨ।  

Written By
The Punjab Wire