ਗੁਰਦਾਸਪੁਰ, 10 ਨਵੰਬਰ (ਮੰਨਣ ਸੈਣੀ)। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ (ਐਚ.ਓ.ਡੀ.) ਅਤੇ ਕੈਬਨਿਟ ਮੰਤਰੀ ਵਲੋਂ ਭਰਤੀ ਅਤੇ ਆਊਟਸੋਰਸ ਠੇਕਾ ਮੁਲਾਜ਼ਮ ਦੀ ਤਨਖਾਵਾਂ ਰੋਕਣ, ਕਿਰਤ ਕਾਨੂੰਨ ਤਹਿਤ ਘੱਟੋ-ਘੱਟ ਉਜਰਤ ਵਾਧੇ ਨੂੰ ਲਾਗੂ ਨਾ ਕਰਨ ਅਤੇ ਦੋ ਸਾਲਾਂ ਦਾ ਏਰਿਅਰ ਨਾ ਦੇਣ ਦੇ ਰੋਹ ਦੇ ਚਲਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਠੇਕਾ ਮੁਲਾਜ਼ਮਾਂ ਨੇ ਗੁਰਦਾਸਪੁਰ ਤੇ ਦੀਨਾਨਗਰ ‘ਚ ਟੈਂਕੀ ‘ਤੇ ਚੱੜ ਧਰਨਾ ਦਿੱਤਾ।
ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਨਾਨੋਵਾਲੀਆ, ਉਪ ਪ੍ਰਧਾਨ ਗੋਰਾ ਮਸੀਹ, ਗੁਰਬਚਨ ਸਿੰਘ, ਬਰਾਂਚ ਮੁਖੀ ਅਜਮੇਰ ਸਿੰਘ, ਬਰਾਂਚ ਜਨਰਲ ਸਕੱਤਰ ਗੁਰਜਿੰਦਰ ਸਿੰਘ ਅਤੇ ਪ੍ਰੈੱਸ ਸਕੱਤਰ ਜਗਤਾਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਠੇਕਾ ਮੁਲਾਜਮਾ ਵੱਲੋਂ ਪੱਕੇ ਹੋਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਵੱਲੋਂ ਮੰਗਾਂ ਮੰਨਣ ਦੀ ਬਜਾਏ ਮਜ਼ਦੂਰ ਵਿਰੋਧੀ ਬਿਆਨ ਦਿੱਤੇ ਜਾ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਦੌਰਾਨ ਕਿਰਤ ਕਾਨੂੰਨ ਤਹਿਤ ਦੋ ਸਾਲਾਂ ਦਾ ਵਧਿਆ ਹੋਇਆ ਬਕਾਇਆ ਨਹੀਂ ਦਿੱਤਾ ਜਾ ਰਿਹਾ। ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਕਿਰਤ ਐਕਟ ਤਹਿਤ ਦਿਹਾੜੀ ਵਿੱਚ 715 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਹ ਵੀ ਲਾਗੂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਵੱਡੇ ਮੈਗਾ ਪ੍ਰੋਜੈਕਟ ਲਗਾਉਣ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਹੈ ਕਿ ਪੇਂਡੂ ਜਲ ਘਰਾਂ ਦੇ ਨਿੱਜੀਕਰਨ ਅਤੇ ਪੰਚਾਇਤੀਕਰਨ ਲਈ ਪ੍ਰਾਈਵੇਟ ਕੰਪਨੀਆਂ ਵੱਲੋਂ ਨਹਿਰੀ ਪਾਣੀ ਦੀ ਸਪਲਾਈ ਲਈ ਵੱਡੇ ਮੈਗਾ ਪ੍ਰਾਜੈਕਟ ਲਾਉਣ ਦੇ ਸਮਝੌਤੇ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਵਿਭਾਗੀ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਸਰਕਾਰ ਦੇ ਹੁਕਮਾਂ ਤਹਿਤ ਪਹਿਲਾਂ ਕੀਤੀ ਤਜਵੀਜ਼ ਨੂੰ ਲਾਗੂ ਕੀਤਾ ਜਾਵੇ। 25010 ਰੁਪਏ ਪ੍ਰਤੀ ਮਹੀਨਾ ਅਤੇ ਭੱਤਾ ਪੱਕੇ ਅਤੇ ਠੇਕਾ ਆਧਾਰਿਤ ਕਰਮਚਾਰੀਆਂ ਤੇ ਲਾਗੂ ਕਰਨ, ਰੁੱਕੇ ਭੱਤੇ ਜਾਰੀ ਕਰਨ, ਅਤੇ ਹਰ ਮਹੀਨੇ ਦੀ 7 ਤਰੀਕ ਨੂੰ ਤਨਖਾਹ ਦਾ ਭੁਗਤਾਨ ਯਕੀਨੀ ਬਣਾਉਣਾ ਆਦਿ ਮੰਗਾ ਮੰਜੂਰ ਕੀਤੀਆ ਜਾਣ। ਇਸ ਮੌਕੇ ਬਲਵਿੰਦਰ ਸਿੰਘ, ਰਣਜੋਧ ਸਿੰਘ, ਬਲਜਿੰਦਰ ਸਿੰਘ, ਸੰਦੀਪ ਕੁਮਾਰ, ਜਨਕ ਸਿੰਘ, ਗੁਰਦੇਵ ਸਿੰਘ, ਰਜਿੰਦਰ ਸਿੰਘ, ਅਜੇ ਕੁਮਾਰ, ਕੁਲਦੀਪ ਸਿੰਘ, ਜਸਵਿੰਦਰ ਕੌਰ, ਕਸਤੂਰੀ ਲਾਲ, ਰਜਿੰਦਰ ਸਿੰਘ, ਹਰਜਿੰਦਰ ਸਿੰਘ, ਮੁਕੇਸ਼, ਕੁਲਦੀਪ ਰਾਏ ਆਦਿ ਹਾਜ਼ਰ ਸਨ |