ਪੰਜਾਬ ਸਰਕਾਰ ਨੂੰ ਇਸ ਇਤਿਹਾਸਕ ਇਮਾਰਤ ਦੀ ਸੰਭਾਲ ਲਈ ਪ੍ਰੋਜੈਕਟ ਜਲਦ ਭੇਜਿਆ ਜਾਵੇਗਾ ਡਿਪਟੀ ਕਮਿਸ਼ਨਰ
ਗੁਰਦਾਸਪੁਰ, 7 ਨਵੰਬਰ ( ਮੰਨਣ ਸੈਣੀ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਪੁਰਾਣੇ ਦਫ਼ਤਰ ਨੂੰ ਵਿਰਾਸਤੀ ਇਮਾਰਤ ਦਾ ਦਰਜ਼ਾ ਦਿਵਾਉਣ ਅਤੇ ਇਸ ਦੀ ਸਾਂਭ-ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸ ਇਤਿਹਾਸਕ ਇਮਾਰਤ ਦੀ ਸੰਭਾਲ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸ੍ਰੀਮਤੀ ਗੁਰਮੀਤ ਰਾਏ, ਡਾਇਰੈਕਟਰ, ਪ੍ਰਿੰਸੀਪਲ ਕੰਨਜ਼ਰਵੇਸ਼ਨ ਆਰਕੀਟੈਕਟ ਸੀ.ਆਰ.ਸੀ.ਆਈ. ਇੰਡੀਆ ਪ੍ਰਾਈਵੇਟ ਲਿਮਟਿਡ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਤਹਿਸੀਦਾਰ ਜਗਤਾਰ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਜਤਿੰਦਰ ਮਹਾਜਨ, ਐੱਸ.ਡੀ.ਓ. ਲਵਜੀਤ ਸਿੰਘ, ਜੀ.ਐੱਮ. ਇੰਡਸਟਰੀ ਸੁਖਪਾਲ ਸਿੰਘ, ਟਾਊਨ ਪਲੈਨਿੰਗ ਤੋਂ ਗੁਰਪ੍ਰੀਤ ਸਿੰਘ ਸੰਧੂ, ਡੀ.ਪੀ.ਆਰ.ਓ. ਗੁਰਦਾਸਪੁਰ ਇੰਦਰਜੀਤ ਸਿੰਘ ਮੌਜੂਦ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਬ੍ਰਿਟਸ਼ ਕਾਲ ਦੌਰਾਨ ਸੰਨ 1852 ਵਿੱਚ ਬਣ ਕੇ ਤਿਆਰ ਹੋਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਇਸ ਇਤਿਹਾਸਕ ਇਮਾਰਤ ਦੀ ਸੰਭਾਲ ਅਤੇ ਇਸਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿਵਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ। ਉਨ੍ਹਾਂ ਨੇ ਹਾਜ਼ਰ ਅਧਿਕਾਰੀਆਂ ਨੂੰ ਇਸ ਸਬੰਧੀ ਇਕ ਵਿਸਥਾਰਤ ਰੀਪੋਰਟ ਤਿਆਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੀ ਸੰਭਾਲ ਕਰਕੇ ਇਸਨੂੰ ਟੂਰਿਜ਼ਮ ਅਤੇ ਹੋਰ ਬਹੁ-ਮੰਤਵੀ ਕਾਰਜਾਂ ਲਈ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੂੰ ਰੀਪੋਰਟ ਜਲਦੀ ਹੀ ਭੇਜ ਦਿੱਤੀ ਜਾਵੇਗੀ।
ਮੀਟਿੰਗ ਤੋਂ ਬਾਅਦ ਸ੍ਰੀਮਤੀ ਗੁਰਮੀਤ ਰਾਏ, ਡਾਇਰੈਕਟਰ, ਪ੍ਰਿੰਸੀਪਲ ਕੰਨਜ਼ਰਵੇਸ਼ਨ ਆਰਕੀਟੈਕਟ ਸੀ.ਆਰ.ਸੀ.ਆਈ. ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਟੀਮ ਨੇ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਇਮਾਰਤ ਦਾ ਨਿਰੀਖਣ ਵੀ ਕੀਤਾ।