ਏਜੰਟਾਂ ਰਾਹੀਂ ਬਚਾਉਂਦੇ ਸੀ ਜੀਐਸਟੀ ਤੇ ਸਰਕਾਰੀ ਖਜਾਨੇ ਨੂੰ ਲਾਉਂਦੇ ਸੀ ਚੂਨਾ
ਚੰਡੀਗੜ, 4 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਕਰੈਪ ਨਾਲ ਲੱਦੇ ਵਾਹਨਾ ਸਣੇ ਪੰਜ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਵੱਖ-ਵੱਖ ਏਜੰਟਾਂ (ਪਾਸਰ) ਤੇ ਮੁਲਾਜਮਾਂ ਦੀ ਮਿਲੀਭੁਗਤ ਨਾਲ ਜੀ.ਐਸ.ਟੀ. ਬਚਾ ਕੇ ਸਰਕਾਰੀ ਖਜਾਨੇ ਨੂੰ ਭਾਰੀ ਖੋਰਾ ਲਾ ਰਹੇ ਸਨ।
ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7 (ਏ), 8 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਉਡਣ ਦਸਤਾ-1 ਐਸਏਐਸ ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏਜੰਟਾਂ ਦੇ ਲੋਹੇ ਦੇ ਸਕਰੈਪ ਨਾਲ ਲੱਦੇ ਵਾਹਨ, ਜੋ ਕਿ ਵੱਖ-ਵੱਖ ਰਾਜਾਂ ਤੋਂ ਬਿਨਾਂ ਬਿੱਲਾਂ, ਘੱਟ ਬਿੱਲਾਂ ਅਤੇ ਫਰਜ਼ੀ ਬਿਲਾਂ ਨਾਲ ਮੰਡੀ ਗੋਬਿੰਦਗੜ ਅਤੇ ਖੰਨਾ ਖੇਤਰ ਦੀਆਂ ਭੱਠੀਆਂ ਵਿੱਚ ਖੱਪਤ ਲਈ ਲਿਆਂਦੇ ਜਾਂਦੇ ਸਨ। ਉਨਾਂ ਦੱਸਿਆ ਕਿ ਸਰਕਾਰੀ ਖਜਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਇਹ ਗੱਠਜੋੜ ਬਿਉਰੋ ਦੇ ਆਰਥਿਕ ਅਪਰਾਧਾਂ ਵਿੰਗ ਵਲੋਂ ਤੋੜਿਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਫੜੇ ਗਏ ਟਰੱਕ ਡਰਾਈਵਰਾਂ ਦੀ ਪਛਾਣ ਗੌਰਵ ਕੁਮਾਰ, ਰਾਮ ਕੁਮਾਰ, ਅਸ਼ੋਕ ਕੁਮਾਰ, ਜਸਵੰਤ ਸਿੰਘ ਅਤੇ ਜੋਗਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਹਰਿਆਣਾ ਅਤੇ ਪੰਜਾਬ ਰਾਜ ਨਾਲ ਸਬੰਧਤ ਹਨ। ਇਨਾਂ ਮੁਲਜਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਅਜਿਹੇ ਹੋਰ ਸ਼ਾਤਿਰ ਏਜੰਟਾਂ ਦਾ ਪਤਾ ਲਗਾਉਣ ਅਤੇ ਸਰਕਾਰੀ ਖਜਾਨੇ ਦੀ ਭਾਰੀ ਨੁਕਸਾਨ ਲਈ ਜਿੰਮੇਵਾਰ, ਲੋਹੇ ਦਾ ਸਕਰੈਪ ਦੀ ਸਮੱਗਰੀ ਰੱਖਣ ਵਾਲੇ ਅਤੇ ਸਬੰਧਤ ਭੱਠੀਆਂ ਸਬੰਧੀ ਪੁਖ਼ਤਾ ਜਾਣਕਾਰੀ ਜੁਟਾਉਣ ਲਈ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।