ਗੁਰਦਾਸਪੁਰ, 01 ਨਵੰਬਰ (ਮੰਨਣ ਸੈਣੀ)। ਪਿੰਡ ਚੱਕਸ਼ਰੀਫ ਵਿੱਚ ਸਹੁਰਿਆਂ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਨੇ ਸੱਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਸੁਨੀਤਾ ਪਤਨੀ ਜੋਧਾ ਮਸੀਹ ਵਾਸੀ ਚੱਕ ਸ਼ਰੀਫ ਨੇ ਦੱਸਿਆ ਕਿ ਉਸ ਦੇ ਲੜਕੇ ਅਰਜੁਨ ਮਸੀਹ ਨੇ ਤੁਲਿਕਾ ਪੁੱਤਰੀ ਜੰਗ ਬਹਾਦਰ ਨਾਲ ਲਵ ਮੈਰਿਜ ਕੀਤੀ ਸੀ। 28 ਅਕਤੂਬਰ ਨੂੰ ਪੁੱਤਰ ਦੇ ਸਹੁਰੇ ਘਰ ਆਏ ਅਤੇ ਤੁਲਿਕਾ ਨੂੰ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦੇ ਬੇਟੇ ਨੂੰ ਫੋਨ ‘ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਤੁਲਿਕਾ ਨੂੰ ਵਾਪਸ ਨਹੀਂ ਭੇਜਣਗੇ ਅਤੇ ਉਸ ਦੇ ਪਰਿਵਾਰ ਨੂੰ ਕੇਸ ਵਿੱਚ ਫਸਾਉਣਗੇ। ਇਸ ਕਾਰਨ ਅਰਜੁਨ ਨੂੰ ਚਿੰਤਾ ਹੋਣ ਲੱਗੀ। ਮੁਲਜ਼ਮਾਂ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਘਰ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮੁਲਜ਼ਮਾਂ ਤੁਲਿਕਾ ਪੁੱਤਰੀ ਜੰਗ ਬਹਾਦਰ, ਜੰਗ ਬਹਾਦਰ, ਪੂਜਾ ਤੇ ਕਾਜਲ ਪੁੱਤਰੀ ਜੰਗ ਬਹਾਦਰ, ਨੀਲਮ ਪਤਨੀ ਜੰਗ ਬਹਾਦਰ, ਸੁਮਿਤ ਵਾਸੀ ਅਰਜੁਨ ਨਗਰ, ਤਰਨਤਾਰਨ ਰੋਡ, ਅੰਮ੍ਰਿਤਸਰ ਅਤੇ ਸੋਹਣ ਮਸੀਹ ਪੁੱਤਰ ਬਿੱਲੂ ਵਾਸੀ ਚੱਕ ਸ਼ਰੀਫ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। .