ਬਟਾਲਾ, 11 ਅਕਤੂਬਰ (ਮੰਨਣ ਸੈਣੀ)। ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਲੀ ਸਮੇਤ ਹੋਰ ਤਿਓਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਪ੍ਰਾਪਤ ਕਰਨ ਦੇ ਚਾਹਵਾਨ ਆਪਣੀਆਂ ਅਰਜ਼ੀਆਂ ਕੱਲ੍ਹ 12 ਅਕਤੂਬਰ 2022 ਤੱਕ ਜਮ੍ਹਾਂ ਕਰਵਾ ਸਕਦੇ ਹਨ। ਆਰਜ਼ੀ ਲਾਈਸੈਂਸ ਦੀ ਦਰਖਾਸਤ ਬਟਾਲਾ ਸ਼ਹਿਰ ਦੇ ਜ਼ਿਲ੍ਹਾ ਉਦਯੋਗ ਕੇਂਦਰ ਸਥਿਤ ਸੇਵਾ ਕੇਂਦਰ, ਡੀ.ਸੀ. ਦਫ਼ਤਰ ਗੁਰਦਾਸਪੁਰ ਦੇ ਸੇਵਾ ਕੇਂਦਰ ਅਤੇ ਰਣਜੀਤ ਬਾਗ ਦੀਨਾਨਗਰ ਦੇ ਸੇਵਾ ਕੇਂਦਰ ਰਾਹੀਂ 12 ਅਕਤੂਬਰ ਸ਼ਾਮ 6:00 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਵਿਚਾਰੀਆਂ ਨਹੀਂ ਜਾਣਗੀਆਂ। ਜਮ੍ਹਾਂ ਹੋਈਆਂ ਦਰਖਾਸਤਾਂ ਵਿਚੋਂ 15 ਸਟਾਲਾਂ ਲਈ ਲੱਕੀ ਡਰਾਅ 14 ਅਕਤੂਬਰ 2022 ਨੂੰ ਗੁਰਦਾਸਪੁਰ ਵਿਖੇ ਕੱਢਿਆ ਜਾਵੇਗਾ।
ਐਸ.ਡੀ.ਐਮ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਪਟਾਕਿਆਂ ਦੀ ਵਿਕਰੀ ਸਬੰਧੀ ਦਰਖਾਸਤਾਂ ਲੈਣ ਸਬੰਧੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਬੀਤੇ ਦਿਨੀਂ ਜ਼ਿਲ੍ਹੇ ਦੇ ਪਟਾਕਾ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਸਾਰੇ ਪਟਾਕਾ ਵਿਕਰੇਤਾਵਾਂ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਲੱਕੀ ਡਰਾਅ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਕੋਲੋਂ 35000 ਰੁਪਏ ਸਕਿਓਰਿਟੀ ਜਮ੍ਹਾਂ ਕਰਵਾਈ ਜਾਵੇ ਅਤੇ ਨਾਲ ਹੀ ਘੱਟੋ-ਘੱਟ 2.50 ਲੱਖ ਰੁਪਏ ਦੀਆਂ ਤਿੰਨ ਸਾਲਾਂ ਦੀਆਂ ਇਨਕਮ ਟੈਕਸ ਰਿਟਰਨਾਂ ਜਮ੍ਹਾਂ ਕਰਾਵਾਈਆਂ ਜਾਣ। ਇੱਕ ਪਰਿਵਾਰ ਵਿੱਚੋਂ ਕੇਵਲ ਇੱਕ ਵਿਅਕਤੀ ਹੀ ਅਪਲਾਈ ਕਰ ਸਕੇਗਾ। ਅਜਿਹਾ ਹੋਣ ਨਾਲ ਫਰਜੀ ਵਿਅਕਤੀ ਡਰਾਅ ਵਿੱਚ ਹਿੱਸਾ ਨਹੀਂ ਲੈ ਸਕਣਗੇ।
ਉਨਾਂ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਦਾ ਡਰਾਅ ਨਹੀਂ ਨਿਕਲੇਗਾ ਉਨ੍ਹਾਂ ਨੂੰ ਸਕਿਓਰਟੀ ਫੀਸ ਅਗਲੇ ਦਿਨ ਹੀ ਵਾਪਸ ਕਰ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਦਾ ਵਿਅਕਤੀਆਂ ਦਾ ਡਰਾਅ ਨਿਕਲ ਜਾਵੇਗਾ ਓਨਾਂ ਦੀ ਸਕਿਓਰਟੀ ਫੀਸ ਦੀਵਾਲੀ ਤੋਂ ਬਾਅਦ ਵਾਪਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਰਾਅ ਨਿਕਲਣ ਵਾਲੇ ਦੁਕਾਨਦਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਂ ’ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਅੱਗ ਨਾ ਲੱਗਣ ਵਾਲੇ ਮਟੀਰੀਅਲ (ਲੋਹੇ ਦੀ ਟੀਨਾਂ ਆਦਿ) ਦੇ ਸਟਾਲ ਬਣਾਉਣਗੇ ਅਤੇ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਗੇ।