ਗੁਰਦਾਸਪੁਰ, 6 ਅਕਤੂਬਰ (ਮੰਨਣ ਸੈਣੀ)। ਰੇਤਾ-ਬੱਜਰੀ ਦੇ ਕਾਰੋਬਾਰ ਬੰਦ ਹੋਣ ਕਾਰਨ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਦਰਪੇਸ਼ ਗੰਭੀਰ ਸੰਕਟ ਬਾਰੇ ਸਰਕਾਰ ਨੂੰ ਜਾਗਰੂਕ ਕਰਨ ਅਤੇ ਇਸ ਵਿਰੁੱਧ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਕਰੱਸ਼ਰ, ਟਿੱਪਰ, ਟਰੈਕਟਰ ਟਰਾਲੀ ਮਾਲਕਾਂ ਅਤੇ ਜਨਤਕ ਜਥੇਬੰਦੀਆਂ ਨੂੰ ।ਰੇਟਾ ਬਜਰੀ ਸੰਘਰਸ਼ ਮੋਰਚਾ ਦੀ ਅਗਵਾਈ ਵਿੱਚ ਬੱਬਰੀ ਬਾਈਪਾਸ ਚੌਂਕ ਵਿੱਚ ਧਰਨਾ ਦਿੱਤਾ ਗਿਆ।
ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਲਾਈ ਮਾਈਨਿੰਗ ਪਾਬੰਦੀ ਨੂੰ ਵਾਪਸ ਲਿਆ ਜਾਵੇ, ਢੁੱਕਵੇਂ ਕਾਨੂੰਨ ਅਨੁਸਾਰ ਮਾਈਨਿੰਗ ਦੀ ਤੁਰੰਤ ਇਜਾਜ਼ਤ ਦਿੱਤੀ ਜਾਵੇ, ਰੇਤਾ-ਬੱਜਰੀ ਦਾ ਕਾਰੋਬਾਰ ਬੰਦ ਕਰਕੇ ਮਜ਼ਦੂਰ ਵਰਗ ਤੋਂ ਰੋਜ਼ੀ-ਰੋਟੀ ਦਾ ਅਧਿਕਾਰ ਬਹਾਲ ਕੀਤਾ ਜਾਵੇ | ਨਾਜਾਇਜ਼ ਮਾਈਨਿੰਗ ਦੇ ਨਾਂ ‘ਤੇ ਟਰੈਕਟਰ ਟਰਾਲੀ ਚਾਲਕਾਂ ਅਤੇ ਸਬੰਧਤ ਮਸ਼ੀਨਰੀ ਦੇ ਮਾਲਕਾਂ ਅਤੇ ਕਿਸਾਨਾਂ ਵਿਰੁੱਧ ਪਰਚੇ ਦਰਜ ਕਰਨੇ ਬੰਦ ਕੀਤੇ ਜਾਣ। ਇਸ ਤੋਂ ਇਲਾਵਾ ਇਨ੍ਹਾਂ ਖਿਲਾਫ਼ ਦਰਜ ਕੀਤੇ ਪਰਚੇ ਰੱਦ ਕਰਕੇ ਇਸ ਮਸਲੇ ਦਾ ਢੁੱਕਵਾਂ ਹੱਲ ਲੱਭਿਆ ਜਾਵੇ। ਇਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅਗਲੇ 8 ਅਕਤੂਬਰ ਤੋਂ ਟੋਲ ਪਲਾਜ਼ਾ ਝਖੋਲੜੀ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।